ਬਰਨਾਲਾ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨੀ ਸੰਘਰਸ਼ ਦੇ ਚੱਲਦਿਆਂ ਦਿੱਲੀ ਵਿਖੇ 26 ਜਨਵਰੀ ਨੂੰ ਕਿਸਾਨਾਂ ਵੱਲੋਂ ਟਰੈਕਟਰ ਪਰੇਡ ਕੀਤੀ ਗਈ। ਪਰ ਇਸ ਮੌਕੇ ਲਾਲ ’ਤੇ ਕੇਸਰੀ ਝੰਡਾ ਲਹਿਰਾਉਣ ਅਤੇ ਦਿੱਲੀ ਵਿਖੇ ਹੋਈ ਹਿੰਸਾ ਦੀ ਪਿੰਡਾਂ ਦੀਆਂ ਸੱਥਾਂ ਵਿੱਚ ਚਰਚਾ ਛਿੜੀ ਹੋਈ ਹੈ। ਸੱਥਾਂ ਵਿੱਚ ਬੈਠੇ ਲੋਕ ਦਿੱਲੀ ਗਏ ਕਿਸਾਨਾਂ ਦੀ ਚਿੰਤਾ ਕਰ ਰਹੇ ਹਨ ਅਤੇ ਸੰਘਰਸ਼ੀ ਲੋਕਾਂ ਦੀ ਖ਼ੈਰ ਮੰਗ ਰਹੇ ਹਨ। ਇਸ ਹਿੰਸਾ ਨੇ ਵੱਖ ਵੱਖ ਪਿੰਡਾਂ ਦੀਆਂ ਸੱਥਾਂ ਵਿੱਚ ਬੈਠੇ ਲੋਕਾਂ ਨੂੰ 1984 ਦਾ ਸਿੱਖ ਕਤਲੇਆਮ ਯਾਦ ਕਰਵਾ ਦਿੱਤਾ ਹੈ।
ਪਿੰਡ ਚੀਮਾ ਦੀ ਸੱਥ ’ਚ ਬੈਠੇ ਮੱਲ ਸਿੰਘ, ਬਿੰਦਰ ਸਿੰਘ ਅਤੇ ਘੋਨਾ ਸਿੰਘ ਨੇ ਕਿਹਾ ਕਿ ਦਿੱਲੀ ਗਏ ਉਨ੍ਹਾਂ ਦੇ ਸਾਥੀ ਕਿਸਾਨਾਂ ਦੀ ਮੰਗ ਸਿਰਫ਼ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਹੈ। ਸਰਕਾਰ ਨੇ ਜਾਣ ਬੁੱਝ ਕੇ ਕਿਸਾਨਾਂ ਦੀ ਟਰੈਕਟਰ ਪਰੇਡ ਵਿੱਚ ਖੱਲਲ ਪਾਈ ਅਤੇ ਦਿੱਲੀ ਵਿਖੇ ਹਿੰਸਾ ਕਰਵਾਈ ਹੈ। ਕਿਸਾਨਾਂ ’ਤੇ ਦਿੱਲੀ ਪੁਲਿਸ ਵੱਲੋਂ ਸ਼ਰੇਆਮ ਤਸ਼ੱਦਦ ਕੀਤਾ ਗਿਆ ਹੈ। ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਿਜਾਏ ਸ਼ਾਂਤਮਈ ਸੰਘਰਸ਼ ਕਰ ਰਹੇ ਅੰਨਦਾਤੇ ਨੂੰ ਬਦਨਾਮ ਕਰ ਰਹੀ ਹੈ।