11 Rudar Shiv Mandir : ਬਰਨਾਲਾ ਵਿੱਚ ਹੈ ਰਾਜੇ ਦਾ ਕੋਹੜ ਕੱਟਣ ਵਾਲਾ 11 ਰੁਦਰ ਸ਼ਿਵ ਮੰਦਿਰ, ਪੜ੍ਹੋ ਕਿਵੇਂ ਪੂਰੀਆਂ ਹੁੰਦੀਆਂ ਨੇ ਮੁਰਾਦਾਂ
ਭਦੌੜ (ਬਰਨਾਲ਼ਾ) : ਸ਼ਿਵਰਾਤਰੀ ਦਾ ਤਿਉਹਾਰ ਆ ਰਿਹਾ ਹੈ। ਸ਼ਿਵ ਭਗਤਾਂ ਵਲੋਂ ਵਰਤ ਰੱਖੇ ਜਾਣਗੇ ਅਤੇ ਸ਼ਿਵ ਭਗਵਾਨ ਨੂੰ ਮਨਾਉਣ ਲਈ ਸ਼ਿਵਾਲਿਆਂ ਵਿੱਚ ਜਲ ਚੜ੍ਹਾਇਆ ਜਾ ਰਿਹਾ ਹੈ। ਜੇ ਪੂਰੇ ਭਾਰਤ ਦੇ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਸ਼ਿਵ ਮੰਦਿਰਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ। ਕਈ ਸ਼ਿਵ ਮੰਦਿਰ ਕਈ ਸੈਂਕੜੇ ਸਾਲ ਪੁਰਾਣੇ ਹਨ। ਇਨ੍ਹਾਂ ਦਾ ਜਿੰਨਾਂ ਇਤਿਹਾਸਿਕ ਮਹੱਤਵ ਹੈ, ਉਸ ਤੋਂ ਵੀ ਕਿਤੇ ਵੱਧ ਧਾਰਮਿਕ ਸਰੋਕਾਰ ਹਨ। ਈਟੀਵੀ ਭਾਰਤ ਦੀ ਬਰਨਾਲਾ ਟੀਮ ਇਥੋਂ ਦੇ 300 ਤੋਂ 400 ਸਾਲ ਪੁਰਾਣੇ ਸ਼ਿਵ ਮੰਦਿਰ ਦੀਆਂ ਉਹ ਗੱਲਾਂ ਤੁਹਾਡੇ ਸਾਹਮਣੇ ਰੱਖ ਰਹੀ ਹੈ, ਜੋ ਤੁਸੀਂ ਸ਼ਾਇਦ ਪਹਿਲਾਂ ਕਦੇ ਨਾ ਸੁਣੀਆਂ ਹੋਣ...ਆਓ ਜਾਣਦੇ ਹਾਂ ਇਸ ਮੰਦਿਰ ਦੇ ਇਤਿਹਾਸ ਬਾਰੇ...
11 ਰੁਦਰ ਦੋ ਮੰਦਿਰ ਹਨ ਭਦੌੜ ਵਿੱਚ :ਭਾਰਤ ਸਮੇਤ ਪੂਰੀ ਦੁਨੀਆਂ ਵਿੱਚ ਭਗਵਾਨ ਸ਼ਿਵ ਭੋਲੇ ਨਾਥ ਦੀ ਪੂਜਾ ਕੀਤੀ ਜਾਂਦੀ ਹੈ। ਹਰ ਸਾਲ ਦੁਨੀਆਂ ਭਰ ਵਿੱਚ 2 ਸ਼ਿਵਰਾਤਰੀਆਂ ਵੀ ਮਨਾਈਆਂ ਜਾਂਦੀਆਂ ਹਨ। ਇਸਦੇ ਨਾਲ ਹੀ ਮਾਨਤਾ ਇਹ ਵੀ ਹੈ ਕਿ ਭਗਵਾਨ ਭੋਲੇ ਨਾਥ ਦੇ ਅਨੇਕਾਂ ਅਜਿਹੇ ਪੁਰਾਤਨ ਮੰਦਿਰ ਹਨ, ਜਿੱਥੇ ਸ਼ਰਧਾਲੂਆਂ ਦੁਆਰਾ ਮੰਗੀ ਹਰ ਇੱਕ ਮੁਰਾਦ ਪੂਰੀ ਹੁੰਦੀ ਹੈ। ਇਤਿਹਾਸ ਮੁਤਾਬਿਕ ਪੂਰੇ ਭਾਰਤ ਵਿਚ 11 ਰੁਦਰ ਤਿੰਨ ਮੰਦਿਰ ਹਨ ਅਤੇ ਉਨ੍ਹਾਂ ਵਿੱਚੋਂ ਦੋ 11 ਰੁਦਰ ਮੰਦਿਰ ਭਦੌੜ ਵਿੱਚ ਹਨ। ਭਾਰਤ ਸਮੇਤ ਪੁਰੀ ਦੁਨੀਆਂ ਵਿੱਚੋਂ ਲੋਕ ਆਪਣੀਆਂ ਸੁੱਖਾਂ ਭਗਵਾਨ ਭੋਲੇ ਨਾਥ ਤੋਂ ਮੰਗਣ ਲਈ ਆਉਂਦੇ ਹਨ ਅਤੇ ਆਪਣੀਆਂ ਝੋਲੀਆਂ ਭਰ ਕੇ ਲਿਜਾਂਦੇ ਹਨ।
ਇਸ ਤਰ੍ਹਾਂ ਬਣਿਆਂ 11 ਰੁਦਰ ਸ਼ਿਵ ਮੰਦਿਰ :11 ਰੁਦਰ ਸ਼ਿਵ ਮੰਦਿਰ ਪੱਥਰਾਂ ਵਾਲਾ ਦੇ ਕਮੇਟੀ ਮੈਂਬਰ ਦੀਪਕ ਮਿੱਤਲ ਨੇ ਦੱਸਿਆ ਕਿ ਇਹ 11 ਰੁਦਰ ਸ਼ਿਵ ਮੰਦਿਰ ਪੱਥਰਾਂ ਵਾਲਾ ਤਕਰੀਬਨ 400 ਸਾਲ ਪੁਰਾਣਾ ਹੈ ਅਤੇ ਇੱਥੋਂ ਇਕ ਪੁਰਾਤਨ ਰਾਜਾ, ਜਿਸਨੂੰ ਕਿ ਕੋਹੜ ਦੀ ਬਿਮਾਰੀ ਸੀ। ਉਸਨੇ ਕਈ ਥਾਂ ਇਲਾਜ ਕਰਵਾਇਆ ਸੀ ਪਰ ਠੀਕ ਨਹੀਂ ਹੋਇਆ। ਇਕ ਦਿਨ ਉਸਨੂੰ ਕੋਈ ਮਹਾਂਪੁਰਸ਼ ਮਿਲਿਆ ਅਤੇ ਉਸਨੇ ਉਸ ਰਾਜੇ ਨੂੰ ਕਿਹਾ ਕਿ ਜੇਕਰ ਇਸ ਜਗ੍ਹਾ ਉੱਤੇ ਉਹ ਭਗਵਾਨ ਭੋਲੇ ਨਾਥ ਦਾ ਮੰਦਿਰ ਬਣਵਾ ਦੇਵੇ ਤਾਂ ਕੋਹੜ ਦੀ ਬਿਮਾਰੀ ਠੀਕ ਹੋ ਜਾਵੇਗੀ। ਰਾਜੇ ਨੇ ਇਥੇ ਮੰਦਿਰ ਬਣਵਾਉਣਾ ਸ਼ੁਰੂ ਕਰ ਦਿੱਤਾ ਅਤੇ ਜਿਵੇਂ-ਜਿਵੇਂ ਮੰਦਿਰ ਦੀ ਉਸਾਰੀ ਹੁੰਦੀ ਗਈ, ਉਸੇ ਰਫਤਾਰ ਨਾਲ ਰਾਜੇ ਦਾ ਕੋਹੜ ਠੀਕ ਹੁੰਦਾ ਗਿਆ। ਇੱਥੇ ਭਗਵਾਨ ਭੋਲੇ ਨਾਥ ਦੇ 11 ਰੁਦਰ ਭਾਵ ਕਿ ਗਿਆਨ ਰੂਪ ਸਥਾਪਿਤ ਕੀਤੇ ਗਏ ਹਨ ਅਤੇ ਇੱਥੇ ਸਵਾ ਮਹੀਨਾ ਦੇਸੀ ਘਿਓ ਦੇ ਪਰਨਾਲੇ ਚਲਦੇ ਰਹੇ ਹਨ। 101 ਕਪਲਾ ਗਊ ਦਾਨ ਕੀਤੀਆਂ ਗਈਆਂ ਅਤੇ ਹਵਨ ਯੱਗ ਵੀ ਹੋਏ। ਉਦੋਂ ਤੋਂ ਹੀ ਇਸ ਮੰਦਿਰ ਦੀ ਮਾਨਤਾ ਹੈ ਅਤੇ ਦੂਰ-ਦੂਰ ਤੋਂ ਸ਼ਰਧਾਲੂ ਆਉਂਦੇ ਹਨ। ਹੁਣ ਤਕਰੀਬਨ ਤੀਹ ਪੈਂਤੀ ਸਾਲ ਪਹਿਲਾਂ ਕਮੇਟੀ ਬਣਾਈ ਗਈ ਅਤੇ ਇਸ ਮੰਦਿਰ ਨੂੰ ਹੋਰ ਸੋਹਣਾ ਬਣਾਇਆ ਗਿਆ ਹੈ।
ਮੰਦਿਰ ਕਮੇਟੀ ਹਰ ਮਹੀਨੇ ਕਰਵਾਉਂਦੀ ਹੈ ਤਰੌਦਸੀ ਦਾ ਮੇਲਾ :ਕਮੇਟੀ ਦੇ ਪ੍ਰਬੰਧਕ ਓਪਿੰਦਰ ਕੁਮਾਰ ਨੇ ਦੱਸਿਆ ਕਿ ਇੱਥੋਂ ਹਜਾਰਾਂ ਲੋਕਾਂ ਦੀਆਂ ਮੰਨਤਾਂ ਪੂਰੀਆਂ ਹੋਈਆਂ ਹਨ। ਜਿਨ੍ਹਾਂ ਦੀ ਸੁੱਖਣਾ ਪੂਰੀ ਹੁੰਦੀ ਹੈ ਉਹ ਬਦਲੇ ਵਿੱਚ ਸਮਾਨ ਅਤੇ ਧੰਨ ਮੰਦਿਰ ਵਿੱਚ ਚੜ੍ਹਾਅ ਕੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਮੇਟੀ ਵੱਲੋਂ ਹੁਣ ਤੱਕ ਲੰਗਰ ਹਾਲ, ਸ਼ਾਂਤੀ ਅਤੇ ਹਵਨ ਯੱਗ ਕਰਵਾਉਣ ਲਈ ਦੋ ਕਮਰਿਆਂ ਦੀ ਉਸਾਰੀ ਕਰਵਾਈ ਗਈ ਹੈ। ਮੰਦਿਰ ਕਮੇਟੀ ਵੱਲੋਂ ਹਰ ਮਹੀਨੇ ਤਰੌਦਸੀ ਦਾ ਮੇਲਾ ਕਰਵਾਇਆ ਜਾਂਦਾ ਹੈ ਅਤੇ ਸਾਲ ਵਿਚ ਦੋ ਸ਼ਿਵਰਾਤਰੀਆਂ ਮਨਾਈਆਂ ਜਾਂਦੀਆਂ ਹਨ, ਜਿੱਥੇ ਲੋਕ ਦੂਰੋਂ-ਦੂਰੋਂ ਆ ਕੇ ਭਗਵਾਨ ਭੋਲੇ ਨਾਥ ਦੇ 11 ਰੁਦਰਾਂ ਉੱਤੇ ਜਲ ਅਤੇ ਦੁੱਧ ਚੜ੍ਹਾਉਂਦੇ ਹਨ। ਸ਼ਰਧਾਲੂਆਂ ਲਈ ਕਮੇਟੀ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਜਾਂਦੇ ਹਨ ਅਤੇ ਉਨ੍ਹਾਂ ਦੇ ਰਹਿਣ-ਸਹਿਣ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਮੰਦਿਰ ਅੰਦਰ ਬਣੇ ਸ਼ਾਂਤੀ ਹਾਲ ਵਿਚ ਹਰ ਧਰਮ ਦੇ ਲੋਕ ਆਪਣੇ ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮ ਕਰਦੇ ਹਨ।
ਇਸੇ ਤਰ੍ਹਾਂ ਸ਼ਿਵ ਮੰਦਿਰ ਬਾਗ ਵਾਲਾ ਦੇ ਪ੍ਰਬੰਧਕ ਚਰਨੀ ਸਿੰਗਲਾ ਨੇ ਦੱਸਿਆ ਕਿ ਇਸ ਮੰਦਰ ਦੀ ਸਥਾਪਨਾ ਤਕਰੀਬਨ 400 ਸਾਲ ਪਹਿਲਾਂ ਲਾਲਾ ਨਾਨੂੰ ਮੱਲ ਅਤੇ ਲਾਲਾ ਠਾਕੁਰ ਦਾਸ ਨੇ ਆਪਣੇ ਘਰ ਔਲਾਦ ਹੋਣ ਦੀ ਖੁਸ਼ੀ ਵਿੱਚ ਕਰਵਾਈ ਸੀ। ਇਸਦਾ ਨਾਮ ਇਸ ਲਈ ਰੱਖਿਆ ਗਿਆ ਕਿ ਇਸ ਜਗ੍ਹਾ ਉੱਤੇ ਬਹੁਤ ਬਾਗ ਲੱਗੇ ਹੋਏ ਸਨ ਅਤੇ ਇੱਥੇ ਪੰਡਤਾਂ ਦੁਆਰਾ 11 ਰੁਦਰ ਸਥਾਪਤ ਕਰਵਾਏ ਗਏ ਸਨ। ਇੱਥੇ ਮੰਦਰ ਵਿਚ ਆ ਕੇ ਆਪਣੀ ਮੰਗ ਮੰਗਦੇ ਹਨ ਤਾਂ ਉਨ੍ਹਾਂ ਦੀ ਮੰਗ ਸੌ ਫੀਸਦ ਪੂਰੀ ਹੁੰਦੀ ਹੈ। ਪਿਛਲੀ ਸ਼ਿਵਰਾਤਰੀ ਉੱਤੇ ਜਿਹਨਾਂ ਬੇ-ਔਲਾਦ ਪਰਿਵਾਰਾਂ ਨੂੰ ਭਗਵਾਨ ਸ਼ਿਵ ਭੋਲੇ ਨਾਥ ਦੀ ਹਜ਼ੂਰੀ ਵਿਚ ਫਲ ਪਾਇਆ ਸੀ, ਉਹਨਾਂ 20 ਪਰਿਵਾਰਾਂ ਵਿੱਚੋਂ 18 ਦੇ ਘਰ ਭਗਵਾਨ ਸ਼ਿਵ ਭੋਲੇਨਾਥ ਦੀ ਕ੍ਰਿਪਾ ਨਾਲ ਔਲਾਦ ਹੋਈ ਹੈ।
ਇਹ ਵੀ ਪੜ੍ਹੋ:Raja Waring: ਆਖਿਰ ਰਾਜਾ ਵੜਿੰਗ ਨੇ ਇਹ ਕਿਉਂ ਕਿਹਾ-ਸੱਚੇ ਪਾਤਸ਼ਾਹ ਨੇ ਆਪੇ ਕਿਰਪਾ ਕਰ ਦਿੱਤੀ ਨਹੀਂ ਤਾਂ ਸ਼ਾਮ ਸੁੰਦਰ ਅਰੋੜਾ ਵੀ ਸਾਡੇ ਹੀ ਨਾ ਲੱਗਣਾ ਸੀ
ਪੁਜਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਦਾਦੇ ਨੇ ਬਹੁਤ ਸਮਾਂ ਪਹਿਲਾਂ ਇਸ ਮੰਦਰ ਵਿੱਚ ਭਗਵਾਨ ਸ਼ਿਵ ਭੋਲੇ ਨਾਥ ਦੀ ਪੂਜਾ ਕੀਤੀ ਸੀ ਅਤੇ ਉਨ੍ਹਾਂ ਦੇ ਘਰ ਵੀ ਪੂਜਾ ਕਰਨ ਤੋਂ ਬਾਅਦ ਔਲਾਦ ਹੋਈ ਸੀ। ਫਿਰ ਉਨ੍ਹਾਂ ਦਾ ਭਰਾ 2004 ਵਿਚ ਔਲਾਦ ਨਾ ਹੋਣ ਉੱਤੇ ਇਸ ਮੰਦਰ ਵਿੱਚ ਪੂਜਾ ਕਰਦਾ ਰਿਹਾ ਅਤੇ ਉਸ ਨੂੰ ਭਗਵਾਨ ਭੋਲੇ ਨਾਥ ਨੇ ਔਲਾਦ ਦਾ ਵਰ ਦੇ ਦਿੱਤਾ। ਉਨ੍ਹਾਂ ਨੇ ਹੁਣ ਤੱਕ ਅਜਿਹੇ ਕਈ ਚਮਤਕਾਰ ਵੇਖੇ ਹਨ, ਜਿਨ੍ਹਾਂ ਲੋਕਾਂ ਦੇ ਔਲਾਦ ਨਹੀਂ ਹੁੰਦੀ ਸੀ ਜਾਂ ਵਿਆਹ ਨਹੀਂ ਹੁੰਦੇ ਸੀ, ਉਨ੍ਹਾਂ ਦੀਆਂ ਮੰਨਤਾਂ ਵੀ ਇਸੇ ਮੰਦਿਰ ਤੋਂ ਪੂਰੀਆਂ ਹੋਈਆਂ ਹਨ।