ਬਰਨਾਲਾ: ਸਥਾਨਕ ਪੁਲਿਸ ਨੇ ਵੱਡੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ, 5 ਲੱਖ ਦੀ ਡਰੱਗ ਮਨੀ ਅਤੇ ਇੱਕ ਇਨੋਵਾ ਕਾਰ ਸਣੇ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਵਿਅਕਤੀ ਬਰਨਾਲਾ ਦੇ 2 ਪ੍ਰਸਿੱਧ ਵਿੱਦਿਅਕ ਸੰਸਥਾਵਾਂ ਦਾ ਮਾਲਕ ਹੈ ਅਤੇ ਉਸਦੀ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਦਵਾਈਆਂ ਦੀ ਦੁਕਾਨ ਵੀ ਹੈ। ਪੁਲਿਸ ਨੇ ਮੁਲਜ਼ਮਾਂ ਦਾ 2 ਦਿਨਾਂ ਦਾ ਰਿਮਾਂਡ ਹਾਸਲ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ, ਜਿਸ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਸ ਮਾਮਲੇ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਬਰਨਾਲਾ ਪੁਲਿਸ ਦੇ ਡੀਐਸਪੀ ਆਰ.ਐੱਸ.ਦਿਓਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇੱਕ ਦੋਸ਼ੀ ਨੂੰ ਪੁਲਿਸ ਨੇ 2000 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਸੀ। ਜਿਸ ਤੋਂ ਬਾਅਦ ਪੁਲਿਸ ਨੂੰ ਉਸ ਨੇ ਰਿਮਾਂਡ ਦੌਰਾਨ ਦੱਸਿਆ ਕਿ ਉਸਨੇ ਇਹ ਨਸ਼ਾ ਬਰਨਾਲਾ ਦੇ ਇੱਕ ਮਸ਼ਹੂਰ ਮੈਡੀਕਲ ਸਟੋਰ ਤੋਂ ਲਿਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮੈਡੀਕਲ ਮਾਲਕ ਦੇ ਸਟੋਰ ਅਤੇ ਇਸਦੇ ਗੋਦਾਮ ’ਤੇ ਛਾਪਾ ਮਾਰ ਕੇ ਮੌਕੇ ਤੋਂ ਰਿੰਕੂ ਮਿੱਤਲ ਅਤੇ ਉਸਦੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ।