ਬਰਨਾਲਾ: ਲੋਕਾਂ ਨੂੰ ਵੱਡੇ-ਵੱਡੇ ਝਾਂਸੇ ਦੇ ਸੱਤਾ ਉੱਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੇਰੁਜ਼ਗਾਰਾਂ ਦੇ ਜਖਮਾਂ ਨੂੰ ਉਚੇੜ ਕੇ ਉਦੋਂ ਲੂਣ ਛਿੜਕਿਆ, ਜਦੋਂ ਬੇਰੁਜ਼ਗਾਰ ਅਧਿਆਪਕਾਂ ਉੱਤੇ ਜ਼ਬਰ ਕਰਨ ਵਾਲੇ ਡੀਐਸਪੀ ਗੁਰਮੀਤ ਸਿੰਘ ਸੋਹਲ ਨੂੰ ਸਜ਼ਾ ਦੇਣ ਦੀ ਬਜਾਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਆਪਣੇ ਸਿਰਹਾਣੇ ਤਾਇਨਾਤ ਰੱਖਿਆ। ਇਹ ਰੋਸ ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਉੱਤੇ ਜ਼ਾਹਰ ਕੀਤਾ ਗਿਆ ਹੈ। ਸੂਬਾ ਪ੍ਰਧਾਨ ਢਿੱਲਵਾਂ ਨੇ ਕਿਹਾ ਕਿ ਇਸ ਪੁਲਿਸ ਅਫਸਰ ਨੂੰ ਸਜ਼ਾ ਦੇਣ ਦੀ ਬਜਾਏ ਚੰਡੀਗੜ੍ਹ ਵਿੱਚ ਅਹਿਮ ਜਗ੍ਹਾ ਤਾਇਨਾਤ ਕਰਕੇ ਇਸ ਸਰਕਾਰ ਨੇ ਪਿਛਲੀਆਂ ਰਵਾਇਤੀ ਸਰਕਾਰਾਂ ਨੂੰ ਵੀ ਮਾਤ ਪਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਪਿਛਲੀ ਕਾਂਗਰਸ ਸਰਕਾਰ ਮੌਕੇ ਰੁਜ਼ਗਾਰ ਮੰਗਦੇ ਬੇਰੁਜ਼ਗਾਰ ਅਧਿਆਪਕਾਂ ਨੇ ਮਾਨਸਾ ਵਿਖੇ ਉਸ ਮੌਕੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਘਿਰਾਓ ਕਰਨਾ ਸੀ ਪ੍ਰੰਤੂ ਉਸ ਵੇਲੇ ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਤਾਇਨਾਤ ਉਕਤ ਪੁਲਿਸ ਅਧਿਕਾਰੀ ਨੇ ਆਪਣੀ ਡਿਊਟੀ ਤੋਂ ਬਾਹਰ ਜਾਕੇ ਬੇਰੁਜ਼ਗਾਰਾਂ ਉੱਤੇ ਵਹਸ਼ਿਆਨਾ ਤਸ਼ੱਦਦ ਕੀਤਾ ਸੀ ਜਦਕਿ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਬੱਸਾਂ ਵਿੱਚ ਤਾੜਿਆ ਹੋਇਆ ਸੀ।