ਬਰਨਾਲਾ: ਸਕੂਲ ਸਿੱਖਿਆ ਵਿਭਾਗ ਨੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਕੂਲਾਂ ਦੀ ਤਾਲਾਬੰਦੀ ਦੌਰਾਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਦੀਆਂ ਕੀਤੀਆਂ ਵਿਵਸਥਾਵਾਂ 5ਵੀਂ ਤੋਂ 12ਵੀਂ ਜਮਾਤਾਂ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਖੁੱਲਣ ਉਪਰੰਤ ਵੀ ਮਦਦਗਾਰ ਸਿੱਧ ਹੋ ਰਹੀਆਂ ਹਨ।
ਸਰਬਜੀਤ ਸਿੰਘ ਤੂਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਜਸਬੀਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਦੱਸਿਆ ਕਿ ਸਕੂਲਾਂ ਦੀ ਤਾਲਾਬੰਦੀ ਦੌਰਾਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਦੂਰਦਰਸ਼ਨ ਅਤੇ ਸੋਸ਼ਲ ਮੀਡੀਆ ਦੇ ਵੱਖ-ਵੱਖ ਸਾਧਨਾਂ ਜ਼ਰੀਏ ਆਨਲਾਈਨ ਸਿੱਖਿਆ ਦੀ ਵਿਵਸਥਾ ਕਰਨ ਦੇ ਨਾਲ ਨਾਲ ਵਿਭਾਗ ਨੇ ਪੰਜਾਬ ਐਜੂਕੇਅਰ ਐਪ ਨਾਂਅ ਦੀ ਮੋਬਾਈਲ ਐਪ ਵੀ ਤਿਆਰ ਕੀਤੀ। ਇਸ ਐਪ ਉੱਪਰ ਸਾਰੀਆਂ ਜਮਾਤਾਂ ਦੇ ਸਾਰੇ ਵਿਸ਼ਿਆਂ ਦੀ ਪੜ੍ਹਨ ਸਮੱਗਰੀ ਮੁਹੱਈਆ ਕਰਵਾਈ ਗਈ ਹੈ। ਵਿਭਾਗ ਦੀ ਹਰ ਨਵੀਨਤਮ ਵਿੱਦਿਅਕ ਗਤੀਵਿਧੀ ਦੀ ਜਾਣਕਾਰੀ ਇਸ ਐਪ ਉੱਪਰ ਅਪਡੇਟ ਕੀਤੀ ਜਾਂਦੀ ਹੈ। ਸਾਰੀਆਂ ਜਮਾਤਾਂ ਦੇ ਸਾਰੇ ਵਿਸ਼ਿਆਂ ਦੀਆਂ ਪੁਸਤਕਾਂ, ਪਾਠਕ੍ਰਮ ਅਤੇ ਘਟਾਏ ਪਾਠਕ੍ਰਮ ਸਮੇਤ ਪਿਛਲੇ ਮੁਲਾਂਕਣਾਂ ਦੀ ਕਾਰਗੁਜ਼ਾਰੀ ਵੀ ਇਸ ਐਪ ਉੱਪਰ ਉਪਲਬਧ ਕਰਵਾਈ ਗਈ ਹੈ। ਐਪ ਉੱਪਰ ਵਿਦਿਆਰਥੀਆਂ ਦੇ ਗਿਆਨ ਇਜ਼ਾਫੇ ਦੀਆਂ ਗਤੀਵਿਧੀਆਂ ਅੱਜ ਦਾ ਸ਼ਬਦ ਅਤੇ ਉਡਾਣ ਦੀ ਜਾਣਕਾਰੀ ਵੀ ਅਪਡੇਟ ਰੂਪ ਵਿੱਚ ਉਪਲਬਧ ਕਰਵਾਈ ਜਾ ਰਹੀ ਹੈ।