ਬਰਨਾਲਾ: ਪਾਕਿਸਤਾਨ ਸਥਿਤ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ 'ਤੇ 3 ਜਨਵਰੀ ਨੂੰ ਹੋਏ ਹਮਲੇ ਨਾਲ ਪੂਰੀ ਦੁਨੀਆਂ ਭਰ ਦੇ ਸਿੱਖਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਘਟਨਾ ਦੀ ਅਤੇ ਪਾਕਿਸਤਾਨ ਸਰਕਾਰ ਦੀ ਘਟੀਆ ਕਾਰਗੁਜ਼ਾਰੀ ਦੀ ਨਿਖੇਧੀ ਕੀਤੀ ਜਾ ਰਹੀ ਹੈ। ਇਸ ਘਟਨਾ ਦੇ ਰੋਸ ਵਿੱਚ ਸ਼ਨੀਵਾਰ ਨੂੰ ਬਰਨਾਲਾ ਵਿਖੇ ਭਾਜਪਾ ਵੱਲੋਂ ਪਾਕਿਸਤਾਨ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ।
ਬਰਨਾਲਾ ਦੇ ਰੇਲਵੇ ਸਟੇਸ਼ਨ ਨੇੜੇ ਭਾਜਪਾ ਵਰਕਰਾਂ ਵੱਲੋਂ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਸਮੇਂ ਭਾਜਪਾ ਆਗੂਆਂ ਨੇ ਕਿਹਾ ਕਿ ਪਾਕਿਸਤਾਨ 'ਚ ਪਹਿਲਾਂ ਵੀ ਘੱਟ ਗਿਣਤੀਆਂ ਨੂੰ ਡਰਾ ਧਮਕਾ ਕੇ ਰੱਖਿਆ ਜਾਂਦਾ ਹੈ ਅਤੇ ਹੁਣ ਸਿੱਖ ਸ਼ਰਧਾਲੂ ਅਤੇ ਗੁਰਦੁਆਰਾ ਸਾਹਿਬ ਉੱਤੇ ਹਮਲਾ ਕਰਨ ਨਾਲ ਉਥੋਂ ਦੇ ਸਿਸਟਮ ਦੀ ਪੋਲ ਖੁੱਲ੍ਹ ਗਈ ਹੈ।
ਉਨ੍ਹਾਂ ਕਿਹਾ ਕਿ ਸਿੱਖਾਂ ਅਤੇ ਗੁਰਦੁਆਰਾ ਸਾਹਿਬ 'ਤੇ ਹਮਲਾ ਹੁੰਦਾ ਰਿਹਾ ਪਰ ਪਾਕਿਸਤਾਨ ਸਰਕਾਰ ਸੁੱਤੀ ਰਹੀ। ਪਾਕਿਸਤਾਨ ਸਰਕਾਰ ਨੇ ਜਾਣ ਬੁੱਝ ਕੇ ਅੱਖਾਂ ਮੀਚੀ ਰੱਖੀਆਂ ਅਤੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਹ ਛੋਟੀ ਗੱਲ ਨਹੀਂ, ਇੱਕ ਗਿਣੀ ਮਿਥੀ ਸਾਜ਼ਿਸ਼ ਤਹਿਤ ਸਿੱਖ ਸ਼ਰਧਾਲੂਆਂ 'ਤੇ ਹਮਲਾ ਕੀਤਾ ਗਿਆ ਹੈ।