ਸੂਬਾ ਸਰਕਾਰ ਦੀ ਪਹਿਲ 'ਹੌਜ਼ਰੀ ਆਜੀਵਿਕਾ'; ਔਰਤਾਂ ਨੂੰ ਪਿੰਡਾਂ ਵਿੱਚ ਹੀ ਮਿਲਿਆ ਰੁਜ਼ਗਾਰ ਬਰਨਾਲਾ: ਪੰਜਾਬ ਸਰਕਾਰ ਦੀ ਨਿਵੇਕਲੀ 'ਪਹਿਲ ਹੌਜ਼ਰੀ ਆਜੀਵਿਕਾ ਯੋਜਨਾ' ਤਹਿਤ ਪਿੰਡਾਂ ਦੀਆਂ ਘਰਾਂ ਵਿੱਚ ਬੈਠੀਆਂ ਔਰਤਾਂ ਨੂੰ ਰੁਜ਼ਗਾਰ ਮਿਲੇਗਾ। ਇਸ ਯੋਜਨਾ ਤਹਿਤ ਪਿੰਡ ਮੌੜ ਨਾਭਾ ਵਿਖੇ ਇਮਾਰਤ ਵਿੱਚ ਇਹ ਕੇਂਦਰ ਸ਼ੁਰੂ ਕੀਤਾ ਗਿਆ ਹੈ, ਜਿੱਥੇ ਪੰਜਾਬ ਸਰਕਾਰ ਵੱਲੋਂ 14 ਮਸ਼ੀਨਾਂ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਦਿੱਤੀਆਂ ਗਈਆਂ ਹਨ। 150 ਔਰਤਾਂ ਵਲੋਂ ਇੱਥੇ 16000 ਵਰਦੀਆਂ ਬਣਾਈ ਜਾਣਗੀਆਂ। ਪਹਿਲੇ ਗੇੜ ਤਹਿਤ 70 ਔਰਤਾਂ ਨੂੰ ਸਿਖ਼ਲਾਈ ਦਿੱਤੀ ਗਈ ਹੈ।
ਔਰਤਾਂ ਲਈ ਚੰਗਾ ਮੌਕਾ:ਇਸ ਮੌਕੇ ਜਾਣਕਾਰੀ ਦਿੰਦਿਆਂ ਪੰਚਾਇਤ ਵਿਭਾਗ ਦੇ ਅਧਿਕਾਰੀ ਧਰਮਿੰਦਰ ਸਿੰਘ ਨੇ ਦੱਸਿਆ ਕਿ ਪਹਿਲ ਪ੍ਰੋਜੈਕਟ ਤਹਿਤ ਸਾਰੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਰਕਾਰ ਵੱਲਂ ਵਰਦੀਆਂ ਦਿੱਤੀਆਂ ਜਾਣਗੀਆਂ, ਜਿਸ ਨੂੰ ਔਰਤਾਂ ਦੇ ਸਵੈ ਸੇਵੀ ਗਰੁੱਪ ਤਿਆਰ ਕਰਨਗੇ। ਪਿੰਡ ਮੌੜ ਨਾਭਾ ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਇਮਾਰਤ ਵਿੱਚ ਇਹ ਕੇਂਦਰ ਸ਼ੁਰੂ ਕੀਤਾ ਗਿਆ ਹੈ, ਜਿੱਥੇ ਪੰਜਾਬ ਸਰਕਾਰ ਵੱਲੋਂ 14 ਮਸ਼ੀਨਾਂ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਦਿੱਤੀਆਂ ਗਈਆਂ ਹਨ।
ਸੂਬਾ ਸਰਕਾਰ ਦੀ ਪਹਿਲ 'ਹੌਜ਼ਰੀ ਆਜੀਵਿਕਾ' ਸੈਲਫ ਹੈਲਪ ਗਰੁੱਪ :ਧਰਮਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਗਰੀਬ ਪੇਂਡੂ ਔਰਤਾਂ ਦੇ ਲਗਭਗ 800 ਦੇ ਕਰੀਬ ਸਵੈ-ਸਹਾਇਤਾ ਸਮੂਹ ਚੱਲ ਰਹੇ ਹਨ। ਪੰਜਾਬ ਸਰਕਾਰ ਵੱਲੋ ਇਨ੍ਹਾਂ ਔਰਤਾਂ ਦਾ ਜੀਵਨ ਪੱਧਰ ਉਪਰ ਚੁੱਕਣ ਲਈ ਰੁਜ਼ਗਰ ਦਾ ਮੌਕਾ ਮੁੱਹਈਆ ਕਰਵਾਉਣ ਲਈ ਪਹਿਲ ਪ੍ਰੋਜੈਕਟ ਉਲੀਕਿਆ ਗਿਆ। ਜਿਸ ਅਧੀਨ ਸਕੂਲੀ ਬੱਚਿਆਂ ਨੂੰ ਵਰਦੀਆ ਦਿੱਤੀਆ ਜਾਣੀਆ ਹਨ, ਇਨ੍ਹਾਂ ਵਰਦੀਆਂ ਦੀ ਸਿਲਾਈ ਸਵੈ- ਸਹਾਇਤਾ ਸਮੂਹ ਦੇ ਮੈਬਰਾਂ ਦੁਆਰਾ ਕੀਤੀ ਜਾਣੀ ਹੈ। ਪੰਜਾਬ ਸਰਕਾਰ ਦਾ ਇਹ ਪਹਿਲ ਪ੍ਰੋਜੈਕਟ ਸਵੈ-ਸਹਾਇਤਾ ਸਮੂਹ ਦੀਆਂ ਔਰਤਾਂ ਲਈ ਵਰਦਾਨ ਸਿੱਧ ਹੋਵੇਗਾ।
ਔਰਤਾਂ ਨੂੰ ਦਿੱਤੀ ਜਾ ਰਹੀ ਸਿਖਲਾਈ:ਧਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਪ੍ਰੋਜੈਕਟ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਚੱਲ ਰਹੀ ਸਕੀਮ ਪੰਜਾਬ ਸੂਬਾ ਪੇਂਡੂ ਆਜੀਵਿਕਾ ਮਿਸ਼ਨ ਰਾਹੀਂ ਜ਼ਿਲ੍ਹਾ ਬਰਨਾਲਾ ਨੂੰ 40 ਲੱਖ ਰੁਪਏ ਫੰਡ ਪ੍ਰਾਪਤ ਹੋਏ ਹਨ। ਇਸ ਵਿੱਚੋਂ 3.83 ਲੱਖ ਰੁਪਏ ਦੀ ਮਸ਼ੀਨਰੀ ਦੀ ਖਰੀਦ ਕੀਤੀ ਗਈ ਹੈ। ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾ (ਆਰ ਸੇਟੀ) ਸਵੈ ਸਹਾਇਤਾ - ਸਮੂਹਾ ਦੀਆਂ 70 ਔਰਤਾਂ ਨੂੰ ਸਿਲਾਈ ਦੀ ਸਿਖਲਾਈ ਦਿੱਤੀ ਗਈ। ਇਸ ਪ੍ਰੋਜੈਕਟ ਤਹਿਤ ਲਗਭਗ 150 ਔਰਤਾਂ ਨੂੰ ਰੁਜ਼ਗਰ ਮਿਲੇਗਾ।
ਸੂਬਾ ਸਰਕਾਰ ਦੀ ਪਹਿਲ 'ਹੌਜ਼ਰੀ ਆਜੀਵਿਕਾ' ਆਤਮ-ਨਿਰਭਰ ਬਣਗੀਆਂ ਘਰੇਲੂ ਔਰਤਾਂ:ਇਸ ਪ੍ਰੋਜੈਕਟ ਅਧੀਨ ਰਾਜ ਪੱਧਰ ਵੱਲੋਂ ਜ਼ਿਲ੍ਹਾ ਬਰਨਾਲਾ ਨੂੰ 16,000 ਵਰਦੀਆਂ ਬਣਾਉਣ ਦਾ ਟੀਚਾ ਮਿਲਿਆ ਹੈ। ਇਸ ਤੋਂ ਇਲਾਵਾ ਇਸ ਪ੍ਰੋਜੈਕਟ ਲਈ ਕੁੱਝ ਮੈਂਬਰਾਂ ਦਾ ਸਟਾਫ ਰੱਖਿਆ ਗਿਆ ਜੋ ਇਹਨਾ ਸਵੈ-ਸਹਾਇਤਾ ਸਮੂਹ ਦੀਆ ਪੜ੍ਹੀਆ ਲਿਖੀਆ ਹੋਈਆ ਔਰਤਾ ਵਿੱਚੋਂ ਹੀ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਤੀ ਮਹਿਲਾ ਇਕ ਵਰਦੀ ਬਣਾਉਣ ਦੇ 60 ਰੁਪਏ ਦਿੱਤੇ ਜਾਣਗੇ ਅਤੇ ਜਦ ਵੀ ਗਰੁੱਪ ਨੂੰ ਮੁਨਾਫਾ ਹੋਵੇਗਾ ਉਸ ਵਿਚੋਂ ਵੀ ਮਹਿਲਾਵਾਂ ਨੂੰ ਹਿੱਸਾ ਦਿੱਤਾ ਜਾਵੇਗਾ।
ਸਰਕਾਰ ਦੇ ਇਸ ਉਪਰਾਲੇ ਦੀ ਪਿੰਡ ਦੇ ਸਰਪੰਚ ਸੁਰਜੀਤ ਸਿੰਘ ਅਤੇ ਔਰਤਾਂ ਵਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਵਿੱਚ ਹਿੱਸਾ ਲੈ ਕੇ ਔਰਤਾਂ ਆਪਣੇ ਘਰ ਦਾ ਖ਼ਰਚਾ ਕੱਢ ਸਕਦੀਆਂ ਹਨ। ਪਿੰਡਾਂ ਦੀਆਂ ਘਰੇਲ਼ੂ ਔਰਤਾਂ ਨੂੰ ਸਿਲਾਈ ਦਾ ਕੰਮ ਆਉਂਦਾ ਹੀ ਹੈ ਅਤੇ ਉਹ ਇਸ ਕੰਮ ਨਾਲ ਹੁਣ ਰੁਜ਼ਗਾਰ ਹਾਸਲ ਕਰਕੇ ਕਮਾਈ ਕਰ ਸਕਣਗੀਆਂ।