MP Simranjit Mann: ਗ੍ਰਹਿ ਮੰਤਰੀ ਵੱਲੋਂ ਖਾਲਿਸਤਾਨ ਸਬੰਧੀ ਦਿੱਤੇ ਬਿਆਨ ਦਾ ਮਾਮਲਾ, ਸਾਂਸਦ ਸਿਮਰਨਜੀਤ ਮਾਨ ਨੇ ਅਮਿਤ ਸ਼ਾਹ ਦੇ ਬਿਆਨ 'ਤੇ ਲਈ ਚੁਟਕੀ ਬਰਨਾਲਾ:ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਬਰਨਾਲਾ ਜਿਲ੍ਹੇ ਦੇ ਅਧਿਕਾਰੀਆਂ ਨਾਲ ਵਿਕਾਸ ਕੰਮਾਂ ਨੂੰ ਲੈ ਕੇ ਮੀਟਿੰਗ ਕੀਤੀ। ਮੀਟਿੰਗ ਉਪਰੰਤ ਸਿਮਰਨਜੀਤ ਸਿੰਘ ਮਾਨ ਨੇ ਆਪਣੀਆਂ ਸੰਸਦ ਮੈਂਬਰ ਦੇ ਤੌਰ ਉੱਤੇ ਪ੍ਰਾਪਤੀਆਂ ਗਿਣਾਈਆਂ। ਇਸ ਦੌਰਾਨ ਉਨ੍ਹਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਖਾਲਿਸਤਾਨ ਨਾ ਬਣਨ ਦੇਣ ਦੇ ਬਿਆਨ ਸਬੰਧੀ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਅੰਗਰੇਜ਼ ਵੀ ਕਹਿੰਦੇ ਸਨ ਕਿ ਦੇਸ਼ ਨੂੰ ਆਜ਼ਾਦੀ ਨਹੀਂ ਮਿਲਣੀ ਪਰ ਆਜ਼ਾਦੀ ਮਿਲੀ।
ਅਫ਼ੀਮ ਦੀ ਖੇਤੀ: ਉੱਥੇ ਹੀ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਅਫ਼ੀਮ ਦੀ ਖੇਤੀ ਦੀ ਤਜ਼ਵੀਜ ਉੱਤੇ ਮਾਨ ਨੇ ਕਿਹਾ ਕਿ ਮੇਰੇ ਵਲੋਂ ਇਸ ਮਾਮਲੇ ਉੱਤੇ ਸੰਸਦ ਵਿੱਚ ਵੀ ਮੁੱਦਾ ਉਠਾਇਆ ਗਿਆ ਹੈ ਕਿ ਅਫ਼ੀਮ ਦੀ ਖੇਤੀ ਪੰਜਾਬ ਵਿੱਚ ਹੋਣੀ ਚਾਹੀਦੀ ਹੈ। ਇਸਦੀ ਲਾਇਬਾਰਟੀਜ਼ ਬਣਾਉਣੀਆਂ ਚਾਹੀਦੀਆਂ ਹਨ ਅਤੇ ਦਵਾਈਆਂ ਦੇ ਲਈ ਇਹ ਅਫ਼ੀਮ ਵਰਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਫੀਮ ਖਾਣ ਦੇ ਆਦੀ ਲੋਕਾਂ ਨੂੰ ਅਫ਼ੀਮ ਖਾਣ ਦੇ ਲਈ ਲਾਇਸੰਸ ਬਣਾ ਕੇ ਦੇਣੇ ਚਾਹੀਦੇ ਹਨ, ਜਦਕਿ ਇਹ ਅਫ਼ੀਮ ਸਰਕਾਰੀ ਹਸਪਤਾਲ ਵਿੱਚ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ।
ਗੈਂਗਸਟਰਾਂ ਦੇ ਮੁੜ ਵਸੇਵੇ: ਪੰਜਾਬ ਪੁਲਿਸ ਵਲੋਂ ਗੈਂਗਸਟਰਾਂ ਉੱਤੇ ਕੀਤੀ ਜਾ ਰਹੀ ਸਖ਼ਤੀ ਸਬੰਧੀ ਸਿਮਰਨਜੀਤ ਮਾਨ ਨੇ ਕਿਹਾ ਕਿ ਗੈਂਗਸਟਰਾਂ ਦੇ ਮੁੜ ਵਸੇਵੇ ਕਰਵਾਉਣੇ ਚਾਹੀਦੇ ਹਨ। ਜੋ ਲੋਕ ਅਜਿਹਾ ਰਸਤਾ ਛੱਡਣਾ ਚਾਹੁੰਦੇ ਹਨ ਉਸ ਲਈ ਸਰਕਾਰ ਨੂੰ ਯਤਨ ਕਰਨੇ ਚਾਹੀਦੇ ਹਨ। ਹਰਜੀਤ ਗਰੇਵਾਲ ਵਲੋਂ ਸਾਰੇ ਧਰਮਾਂ ਦੇ ਸਜ਼ਾ ਪੂਰੀ ਕਰ ਚੁੱਕੇ ਲੋਕਾਂ ਨੂੰ ਰਿਹਾਅ ਕੀਤੇ ਜਾਣ ਦੇ ਮਾਮਲੇ ਉੱਤੇ ਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਬੀਬੀ ਬਾਨੋ ਅਤੇ ਉਸਦੇ ਪਰਿਵਾਰ ਦੇ ਦੋਸ਼ੀਆਂ ਨੂੰ ਕੇਂਦਰ ਸਰਕਾਰ ਨੇ ਰਿਹਾਅ ਕਰ ਦਿੱਤਾ, ਜਦਕਿ ਸਿੱਖ ਕਈ ਕਈ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ, ਪਰ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ।
ਇਹ ਵੀ ਪੜ੍ਹੋ:Veterinary doctors strike: ਜਾਨਵਰਾਂ ਦੇ ਹਸਪਤਾਲ ਦੀਆਂ ਸੇਵਾਵਾਂ ਠੱਪ, ਹੜਤਾਲ ਕਾਰਨ ਬੇਜ਼ੁਬਾਨਾਂ ਦਾ ਨਹੀਂ ਹੋ ਰਿਹਾ ਇਲਾਜ
ਜਲੰਧਰ ਜ਼ਿਮਨੀ ਚੋਣ ਸਬੰਧੀ ਸਿਮਰਨਜੀਤ ਮਾਨ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਇਸ ਜ਼ਿਮਨੀ ਚੋਣ ਵਿੱਚ ਵਧ ਚੜ੍ਹ ਕੇ ਭਾਗ ਲਵੇਗੀ ਅਤੇ ਆਪਣਾ ਉਮੀਦਵਾਰ ਖੜ੍ਹਾ ਕਰੇਗੀ। ਡੇਰਾ ਸਿਰਸਾ ਮੁਖੀ ਨੂੰ ਪੈਰੋਲ ਦਿੱਤੇ ਜਾਣ ਦਾ ਵਿਰੋਧ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਗੁਰਮੀਤ ਰਾਮ ਰਹੀਮ ਬਲਾਤਕਾਰ ਅਤੇ ਕਤਲ ਕੇਸ ਵਿੱਚ ਸਜ਼ਾ ਕੱਟ ਰਿਹਾ ਹੈ। ਜਦਕਿ ਬੇਅਦਬੀ ਅਤੇ ਬਹਿਬਲ ਕਲਾਂ ਮਾਮਲੇ ਵਿੱਚ ਵੀ ਇਹ ਵਿਅਕਤੀ ਮੁਲਜ਼ਮ ਰਿਹਾ ਹੈ ਉਨ੍ਹਾਂ ਕਿਹਾ ਕੇਂਦਰ ਸਰਕਾਰ ਨੇ ਸਿੱਖਾਂ ਨੂੰ ਕਦੇ ਵੀ ਇਨਸਾਫ਼ ਨਹੀਂ ਦਿੱਤਾ।