ਬਰਨਾਲਾ: ਜ਼ਿਲ੍ਹੇ ਦੇ ਕਸਬਾ ਧਨੌਲਾ ਵਿਖੇ ਇੱਕ ਵਿਆਹੁਤਾ ਸਹੁਰੇ ਪਰਿਵਾਰ ਵੱਲੋਂ ਘਰੋਂ ਕੱਢੇ ਜਾਣ ਕਾਰਨ ਆਪਣੇ ਸਹੁਰੇ ਘਰ ਦੇ ਬਾਹਰ ਹੀ ਧਰਨਾ ਲਾ ਕੇ ਬੈਠ ਗਈ। ਪੀੜਤਾ ਨੇ ਆਪਣੇ ਸਹੁਰਾ ਪਰਿਵਾਰ 'ਤੇ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਾਏ ਹਨ।
ਘਰੋਂ ਕੱਢੇ ਜਾਣ 'ਤੇ ਵਿਆਹੁਤਾ ਨੇ ਸਹੁਰੇ ਘਰ ਅੱਗੇ ਲਾਇਆ ਧਰਨਾ
ਬਰਨਾਲਾ 'ਚ ਇੱਕ ਵਿਆਹੁਤਾ ਆਪਣੇ ਸਹੁਰਿਆਂ ਵੱਲੋਂ ਘਰੋਂ ਕੱਢੇ ਜਾਣ ਦੇ ਚਲਦੇ ਘਰ ਅੱਗੇ ਧਰਨਾ ਲਾ ਕੇ ਬੈਠ ਗਈ। ਪੀੜਤ ਮਹਿਲਾ ਨੇ ਆਪਣੇ ਪਤੀ ਸਣੇ ਸੁਹਰੇ ਪਰਿਵਾਰ 'ਤੇ ਉਸ ਨੂੰ ਤੰਗ-ਪਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਫਿਲਹਾਲ ਸਹੁਰਾ ਪਰਿਵਾਰ ਘਰ ਨੂੰ ਤਾਲਾ ਲਗਾ ਕੇ ਫਰਾਰ ਹੈ।
ਧਰਨੇ 'ਤੇ ਬੈਠੀ ਮਹਿਲਾ ਨੇ ਦੱਸਿਆ ਕਿ ਉਸ ਦਾ ਨਾਂਅ ਆਰਜੂ ਸ਼ਰਮਾ ਹੈ ਤੇ ਉਹ ਜ਼ੀਰਕਪੁਰ ਦੀ ਵਸਨੀਕ ਹੈ। ਫੇਸਬੁੱਕ ਰਾਹੀਂ ਉਸ ਦੀ ਦੋਸਤੀ ਇੱਕ ਸ਼ਿਵਚਰਨ ਸਿੰਘ ਨਾਂਅ ਦੇ ਨੌਜਵਾਨ ਨਾਲ ਹੋਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦੋਹਾਂ ਨੇ ਆਪਸੀ ਸਹਿਮਤੀ ਨਾਲ ਵਿਆਹ ਕਰਵਾ ਲਿਆ। ਮਹਿਲਾ ਨੇ ਆਪਣੇ ਪਤੀ ਤੇ ਸਹੁਰਾ ਪਰਿਵਾਰ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਵਿਆਹ ਤੋਂ ਇੱਕ ਸਾਲ ਬਾਅਦ ਉਸ ਦਾ ਪਤੀ, ਸੱਸ ਤੇ ਉਸ ਦੀ ਨਨਾਣ ਨੇ ਉਸ ਨੂੰ ਤੰਗ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਪੀੜਤਾ ਨੇ ਦੱਸਿਆ ਕਿ ਉਸ ਦਾ ਪਤੀ ਉਸ ਦੇ ਮਾਪਿਆਂ ਕੋਲ ਘਰ ਜਵਾਈ ਬਣ ਕੇ ਰਹਿਣ ਦੀ ਮੰਗ ਕਰ ਰਿਹਾ ਹੈ। ਜਦ ਉਸ ਨੇ ਪਤੀ ਦੀ ਗੱਲ ਨਾ ਮੰਨੀ ਤਾਂ ਉਹ ਉਸ ਨੂੰ ਛੱਡ ਕੇ ਕੀਤੇ ਚਲਾ ਗਿਆ। ਪਤੀ ਦੇ ਜਾਣ ਮਗਰੋਂ ਉਸ ਦੇ ਸਹੁਰਾ ਪਰਿਵਾਰ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਅਤੇ ਆਪ ਘਰ ਨੂੰ ਤਾਲਾ ਲਗਾ ਕੇ ਫਰਾਰ ਹੋ ਗਏ।
ਪੀੜਤ ਮਹਿਲਾ ਨੇ ਕਿਹਾ ਕਿ ਉਸ ਦੇ ਪਤੀ ਤੇ ਨਨਾਣ ਨੇ ਬਠਿੰਡਾ ਤੇ ਬਰਨਾਲਾ ਜ਼ਿਲ੍ਹੇ 'ਚ ਉਸ ਦੇ ਖਿਲਾਫ ਝੂਠੇ ਪਰਚੇ ਦਰਜ ਕਰਵਾਏ ਸਨ। ਜਿਸ 'ਚੋਂ ਹੁਣ ਉਹ ਬਰੀ ਹੋ ਚੁੱਕੀ ਹੈ। ਪੀੜਤਾਂ ਨੇ ਕਿਹਾ ਕਿ ਹੁਣ ਉਸ ਕੋਲ ਰਹਿਣ ਲਈ ਘਰ ਨਹੀਂ ਹੈ ਤੇ ਨਾ ਹੀ ਖਰਚੇ ਲਈ ਪੈਸੇ, ਇਸ ਲਈ ਉਹ ਧਰਨੇ 'ਤੇ ਬੈਠਣ ਲਈ ਮਜ਼ਬੂਰ ਹੈ। ਪੀੜਤਾ ਨੇ ਕਿਹਾ ਕਿ ਜਦ ਤੱਕ ਉਸ ਨੂੰ ਇਨਸਾਫ ਨਹੀਂ ਮਿਲਦਾ ਉਹ ਧਰਨੇ 'ਤੇ ਬੈਠੀ ਰਹੇਗੀ। ਉਸ ਨੇ ਕਿਹਾ ਕਿ ਜੇਕਰ ਉਸ ਨੂੰ ਕੁੱਝ ਵੀ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਹੋਵੇਗਾ।