ਬਰਨਾਲਾ: ਸ਼ਹਿਰ 'ਚ ਇੱਕ ਵਿਆਹੁਤਾ ਔਰਤ ਦੀ ਭੇਦ ਭਰੇ ਹਾਲਾਤਾਂ 'ਚ ਮੌਤ ਹੋ ਗਈ ਹੈ। ਪੁਲਿਸ ਨੇ ਮ੍ਰਿਤਕਾ ਦੇ ਪੇਕੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਿਆਹੁਤਾ ਦੀ ਭੇਦ ਭਰੇ ਹਾਲਾਤਾਂ 'ਚ ਹੋਈ ਮੌਤ - ਕਤਲ ਮਾਮਲਾ
ਬਰਨਾਲਾ 'ਚ ਇੱਕ ਵਿਆਹੁਤਾ ਔਰਤ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕਾ ਦੇ ਪੇਕੇ ਪਰਿਵਾਰ ਵੱਲੋਂ ਉਸ ਦੇ ਸਹੁਰੇ ਪਰਿਵਾਰ 'ਤੇ ਕਤਲ ਦੇ ਦੋਸ਼ ਲਗਾਏ ਗਏ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਮ੍ਰਿਤਕਾ ਦੀ ਪਛਾਣ 40 ਸਾਲਾ ਬਲਜੀਤ ਕੌਰ ਵਜੋਂ ਹੋਈ ਹੈ। ਬਲਜੀਤ ਦੇ ਪੇਕੇ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਹਾਰਟ ਅਟੈਕ ਕਾਰਨ ਬਲਜੀਤ ਦੀ ਮੌਤ ਹੋ ਗਈ ਹੈ। ਜਦ ਪਰਿਵਾਰਕ ਮੈਂਬਰ ਉੱਥੇ ਪੁੱਜੇ ਤਾਂ ਉਨ੍ਹਾਂ ਨੂੰ ਮ੍ਰਿਤਕਾ ਦੀ ਲਾਸ਼ ਨਹੀਂ ਵੇਖਣ ਦਿੱਤੀ ਗਈ। ਬਾਅਦ 'ਚ ਉਸ ਦੇ ਗਲੇ 'ਤੇ ਨਿਸ਼ਾਨ ਵੇਖਿਆ ਗਿਆ। ਪੇਕੇ ਪਰਿਵਾਰ ਵੱਲੋਂ ਮ੍ਰਿਤਕਾ ਦੇ ਸਹੁਰੇ ਪਰਿਵਾਰ ਉੱਤੇ ਕਤਲ ਦੇ ਦੋਸ਼ ਲਾਏ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦਾ ਪਤੀ ਉਸ ਨਾਲ ਅਕਸਰ ਕੁੱਟਮਾਰ ਕਰਦਾ ਸੀ। ਮ੍ਰਿਤਕਾ ਦੇ ਪਰਿਵਾਰ ਨੇ ਇਨਸਾਫ਼ ਦੀ ਮੰਗ ਕਰਦਿਆਂ ਜਲਦ ਤੋਂ ਜਲਦ ਮੁਲਜ਼ਮਾਂ ਵਿਰੁੱਧ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐੱਸਐਚਓ ਰਣਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਦੇ ਪੇਕੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।