ਪੰਜਾਬ

punjab

ETV Bharat / state

ਖੇਡ ਕਬੱਡੀ ਦੇ ਜਾਏ ਆਰਥਿਕ ਸੰਕਟਾਂ 'ਚ ਘਿਰੇ, ਸਰਕਾਰ ਤੋਂ ਕਬੱਡੀ ਟੂਰਨਾਮੈਂਟ ਸ਼ੁਰੂ ਕਰਨ ਦੀ ਮੰਗ

ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਜਾਏ ਕੋਰੋਨਾ ਮਹਾਂਮਾਰੀ ਕਾਰਨ ਆਰਥਿਕ ਸੰਕਟ ਵਿੱਚ ਘਿਰ ਗਏ ਹਨ। ਕਬੱਡੀ ਖਿਡਾਰੀ ਪੰਜਾਬ ਸਰਕਾਰ ਤੋਂ ਕਬੱਡੀ ਦੇ ਟੂਰਨਾਮੈਂਟ ਕਰਵਾਉਣ ਲਈ ਖੁੱਲ੍ਹ ਦੇਣ ਦੀ ਮੰਗ ਕਰ ਰਹੇ ਹਨ।

ਫ਼ੋਟੋ।
ਫ਼ੋਟੋ।

By

Published : Sep 8, 2020, 2:17 PM IST

ਬਰਨਾਲਾ: ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਕਾਰਨ ਜਿੱਥੇ ਹਰ ਤਰ੍ਹਾਂ ਦੇ ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ, ਉੱਥੇ ਇਸ ਦਾ ਅਸਰ ਹੁਣ ਸਮਾਜਿਕ ਅਤੇ ਸੱਭਿਆਚਾਰਕ ਤੌਰ ਉੱਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਜਾਏ ਵੀ ਹੁਣ ਕੋਰੋਨਾ ਮਹਾਂਮਾਰੀ ਕਾਰਨ ਆਰਥਿਕ ਸੰਕਟ ਵਿੱਚ ਘਿਰ ਗਏ ਹਨ।

ਪਿਛਲੇ ਲੰਬੇ ਸਮੇਂ ਤੋਂ ਕਬੱਡੀ ਟੂਰਨਾਮੈਂਟ ਨਾ ਹੋਣ ਕਾਰਨ ਕਬੱਡੀ ਖਿਡਾਰੀਆਂ ਨੂੰ ਆਰਥਿਕ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਰਕੇ ਕਬੱਡੀ ਖਿਡਾਰੀ ਪੰਜਾਬ ਸਰਕਾਰ ਤੋਂ ਕਬੱਡੀ ਦੇ ਟੂਰਨਾਮੈਂਟ ਕਰਵਾਉਣ ਲਈ ਖੁੱਲ੍ਹ ਦੇਣ ਦੀ ਮੰਗ ਕਰ ਰਹੇ ਹਨ।

ਵੇਖੋ ਵੀਡੀਓ

ਬਰਨਾਲਾ ਜ਼ਿਲ੍ਹੇ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਵੱਲੋਂ ਮਿਲ ਕੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਨੂੰ ਪੰਜਾਬ ਸਰਕਾਰ ਦੇ ਨਾਂਅ ਇੱਕ ਮੰਗ ਪੱਤਰ ਦਿੱਤਾ ਗਿਆ ਹੈ, ਜਿਸ ਵਿੱਚ ਕਬੱਡੀ ਟੂਰਨਾਮੈਂਟ ਚਾਲੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਇਸ ਬਾਰੇ ਗੱਲਬਾਤ ਕਰਦਿਆਂ ਕਬੱਡੀ ਦੇ ਅੰਤਰਰਾਸ਼ਟਰੀ ਖਿਡਾਰੀ ਰਾਜਾ ਰਾਏਸਰ ਅਤੇ ਕਾਲਾ ਧਨੌਲਾ ਨੇ ਦੱਸਿਆ ਕਿ ਪਿਛਲੇ ਸਾਢੇ ਪੰਜ ਮਹੀਨਿਆਂ ਤੋਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਹੋਣ ਕਾਰਨ ਪੰਜਾਬ ਵਿੱਚ ਇੱਕ ਵੀ ਕਬੱਡੀ ਦਾ ਟੂਰਨਾਮੈਂਟ ਨਹੀਂ ਹੋਇਆ, ਜਿਸ ਕਰਕੇ ਇਸ ਦੀ ਮਾਰ ਕਬੱਡੀ ਖਿਡਾਰੀਆਂ 'ਤੇ ਪੈ ਰਹੀ ਹੈ।

ਫ਼ੋਟੋ।

ਉਨ੍ਹਾਂ ਕਿਹਾ ਕਿ ਕਬੱਡੀ ਖਿਡਾਰੀ ਟੂਰਨਾਮੈਂਟ ਸਹਾਰੇ ਆਪਣੀਆਂ ਖੁਰਾਕਾਂ ਅਤੇ ਖਰਚਿਆਂ ਦੀ ਪੂਰਤੀ ਕਰਦੇ ਸਨ ਪਰ ਇਹ ਟੂਰਨਾਮੈਂਟ ਬੰਦ ਹੋਣ ਕਾਰਨ ਇਸ ਦਾ ਅਸਰ ਕਬੱਡੀ ਖਿਡਾਰੀਆਂ ਦੇ ਨਾਲ ਨਾਲ ਇਸ ਖੇਡ ਨਾਲ ਜੁੜੇ ਰੈਫਰੀਆਂ ਅਤੇ ਹੋਰ ਵਰਗਾਂ 'ਤੇ ਵੀ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਹੁ ਗਿਣਤੀ ਕਬੱਡੀ ਖਿਡਾਰੀਆਂ ਦਾ ਰੁਜ਼ਗਾਰ ਵੀ ਕਬੱਡੀ ਟੂਰਨਾਮੈਂਟ ਦੇ ਸਿਰ 'ਤੇ ਹੀ ਚੱਲਦਾ ਹੈ ਜਿਸ ਕਰਕੇ ਉਨ੍ਹਾਂ ਦੇ ਚੁੱਲ੍ਹੇ ਹੁਣ ਠੰਢੇ ਪੈ ਚੁੱਕੇ ਹਨ।

ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲਗਭਗ ਸਾਰਾ ਸਾਲ ਹਰ ਪਿੰਡ ਵਿੱਚ ਕਬੱਡੀ ਟੂਰਨਾਮੈਂਟ ਚੱਲਦੇ ਰਹਿੰਦੇ ਹਨ, ਪਰ ਪੰਜ ਮਹੀਨਿਆਂ ਤੋਂ ਇਹ ਟੂਰਨਾਮੈਂਟ ਨਹੀਂ ਹੋਏ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਕਬੱਡੀ ਦੇ ਖਿਡਾਰੀਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ, ਜਦ ਕਿ ਇਕੱਲੇ ਬਰਨਾਲਾ ਜ਼ਿਲ੍ਹੇ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਖਿਡਾਰੀ ਇਸ ਖੇਡ ਨਾਲ ਜੁੜੇ ਹੋਏ ਹਨ।

ਉਨ੍ਹਾਂ ਦੱਸਿਆ ਕਿ ਗਰਮੀਆਂ ਦੇ ਦਿਨਾਂ ਵਿੱਚ ਕੈਨੇਡਾ, ਅਮਰੀਕਾ ਵਰਗੇ ਦੇਸ਼ਾਂ ਵਿੱਚ ਕਬੱਡੀ ਦੇ ਵੱਡੇ ਕੱਪ ਹੁੰਦੇ ਹਨ, ਜਿਸ ਕਰਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗਰਮੀਆਂ ਦੇ ਸੀਜ਼ਨ ਬਾਹਰਲੇ ਦੇਸ਼ਾਂ ਵਿੱਚ ਕਬੱਡੀ ਖੇਡਣ ਚਲੇ ਜਾਂਦੇ ਹਨ ਪਰ ਇਸ ਵਾਰ ਕਰੋਨਾ ਮਹਾਂਮਾਰੀ ਕਰਕੇ ਅੰਤਰਰਾਸ਼ਟਰੀ ਫਲਾਈਟਾਂ ਬੰਦ ਹਨ, ਜਿਸ ਕਰਕੇ ਉਨ੍ਹਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ ਪੱਤਰ ਦੇ ਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਬੱਡੀ ਦੇ ਟੂਰਨਾਮੈਂਟ ਚਾਲੂ ਕੀਤੇ ਜਾਣ ਤਾਂ ਕਿ ਕਬੱਡੀ ਖਿਡਾਰੀਆਂ ਦੀਆਂ ਸਮੱਸਿਆ ਦਾ ਹੱਲ ਹੋ ਸਕੇ।

ABOUT THE AUTHOR

...view details