ਬਰਨਾਲਾ: ਲੋਕ ਸਭਾ ਹਲਕਾ ਸੰਗਰੂਰ ਤੋਂ ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰ ਜੱਸੀ ਜਸਰਾਜ ਨੇ ਐਤਵਾਰ ਨੂੰ ਬਰਨਾਲਾ ਦੇ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਪਿੰਡ ਘੁੰਨਸ ਦੇ ਲੋਕਾਂ ਨਾਲ ਮੁਲਾਕਾਤ ਕੀਤੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਜੱਸੀ ਜਸਰਾਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਦਾ ਜੋਧਪੁਰ ਪਿੰਡ ਦੇ ਲੋਕਾਂ ਨੇ ਜੋ ਵਿਰੋਧ ਕੀਤਾ ਹੈ ਉਹ ਸਿਰਫ਼ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਪੰਜ ਸਾਲ ਵਿੱਚ ਹੀ ਰੰਗ ਵਟਾ ਲਏ ਹਨ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਵੋਟਾਂ ਪਾਉਣ ਵਾਲੇ ਲੋਕਾਂ ਨੇ ਆਪਣੇ ਕੋਲੋਂ ਤੇਲ ਫੂਕ-ਫੂਕ ਕੇ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਜੀ ਦੀ ਸੰਹੁ ਖਾ ਕੇ ਮੁੱਕਰ ਗਏ ਅਤੇ ਅਕਾਲੀ ਦਲ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਗੁਰੂ ਗ੍ਰੰਥ ਸਾਹਿਬ ਜੀ ਅਤੇ ਆਪਣੇ ਪਿਤਾ ਸੁਖਦੇਵ ਸਿੰਘ ਢੀਂਡਸਾ ਤੋਂ ਉਪਰ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਰੱਖ ਕੇ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਹੈ।
ਇਸ ਮੌਕੇ ਜੱਸੀ ਜਸਰਾਜ ਨੇ ਕਿਹਾ ਕਿ ਹੁਣ ਕਾਂਗਰਸ ਦੇ ਆਗੂ ਸ਼ੇਰ ਸਿੰਘ ਘੁਬਾਇਆ ਦਾ ਸਟਿੰਗ ਹੋਇਆ ਹੈ ਪਰ ਉਹ ਪਟਿਆਲਾ ਤੋਂ ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਬਾਰੇ ਮਾਣ ਮਹਿਸੂਸ ਕਰਦੇ ਹਨ ਕਿ ਉਹ ਬਾਕੀਆਂ ਵਾਂਗ ਨਹੀਂ ਹੈ।