ਸੁਖਬੀਰ ਬਾਦਲ ਦੀ ਮੁਆਫ਼ੀ 'ਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕੱਸਿਆ ਤੰਜ਼ ਬਰਨਾਲਾ :ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਬੀਤੀ ਦੇਰ ਸ਼ਾਮ ਬਰਨਾਲਾ ਵਿਖੇ ਪਹੁੰਚੇ। ਇਸ ਦੌਰਾਨ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਸਿਆਸੀ ਤੰਜ ਕਸੇੇ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵਲੋਂ ਮੰਗੀ ਗਈ ਮੁਆਫ਼ੀ ਲਈ ਇਹ ਕੁਵੇਲਾ ਹੋ ਗਿਆ ਹੈ। ਇਹ ਮੁਆਫੀ ਹੁਣ ਮਹਿਜ਼ ਕੁਵੇਲੇ ਦੀਆਂ ਟੱਕਰਾਂ ਦੇ ਸਮਾਨ ਹੈ। ਉਹਨਾਂ ਕਿਹਾ ਕਿ ਹੁਣ ਤਾਂ ਬਾਦਲਾਂ ਦੇ ਪਾਪਾਂ ਦਾ ਘੜਾ ਬਹੁਤ ਜਿਆਦਾ ਭਰ ਚੁੱਕਿਆ ਹੈ। ਉਥੇ ਮੁਆਫ਼ੀ ਗਲਤੀ ਦੀ ਹੁੰਦੀ ਹੈ, ਜਦਕਿ ਗੁਨਾਹ ਦੀ ਕੋਈ ਮੁਆਫ਼ੀ ਨਹੀਂ ਹੁੰਦੀ।
ਬਾਦਲਾਂ ਨੇ ਸਿੱਖਾਂ ਨਾਲ ਬਹੁਤ ਵੱਡਾ ਧੋਖਾ ਕੀਤਾ:ਉਹਨਾਂ ਕਿਹਾ ਕਿ ਬਾਦਲਾਂ ਨੇ ਗੁਰੂ ਸਾਹਿਬ ਨਾਲ ਧ੍ਰੋਹ ਕਮਾਇਆ ਹੈ। ਪਹਿਲਾਂ ਅਸੀਂ ਸੋਚਦੇ ਸੀ ਕਿ ਸਿਆਸਤ ਹੋ ਰਹੀ ਹੈ ਇਸ ਲਈ ਅਕਾਲੀ ਦਲ ਦਾ ਨਾਮ ਬੇਅਦਬੀ ਮਾਮਲੇ 'ਚ ਆਉਂਦਾ ਹੈ ਪਰ ਸੁਖਬੀਰ ਬਾਦਲ ਨੇ ਖੁ਼ਦ ਮੁਆਫ਼ੀ ਮੰਗ ਕੇ ਮੰਨ ਲਿਆ ਹੈ ਕਿ ਉਸ ਸਮੇਂ ਹੋਈ ਬੇਅਦਬੀ,ਗੋਲੀਕਾਂਡ,ਸਿੱਖਾਂ ਦੇ ਕਤਲ ਲਈ ਬਾਦਲ ਪਰਿਵਾਰ ਜਿੰਮੇਵਾਰ ਹੈ।ਉਹਨਾਂ ਕਿਹਾ ਕਿ ਬਾਦਲਾਂ ਨੇ ਸਿੱਖਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਇਸ ਲਈ ਹੁਣ ਇਸ ਗੁਨਾਹ ਦੀ ਮੁਆਫੀ ਤਾਂ ਰੱਬ ਦੇ ਹੱਥ ਹੀ ਹੈ।
ਲੋਕਾਂ ਨੇ ਅਜੇ ਤੱਕ ਖੇਤੀ ਕਾਨੂੰਨ ਬਿਲਾਂ ਲਈ ਨਹੀਂ ਕੀਤਾ ਮੁਆਫ :ਰਾਜਾ ਵੜਿੰਗ ਨੇ ਇਹ ਵੀ ਕਿਹਾ ਕਿ ਇਸੇ ਤਰ੍ਹਾਂ ਪਹਿਲਾਂ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਫ਼ੈਸਲਾ ਲਿਆ ਅਤੇ ਬਾਅਦ ਵਿੱਚ ਲੋਕਾਂ ਦੇ ਵਿਰੋਧ ਤੋਂ ਬਾਅਦ ਕਾਨੂੰਨਾਂ ਦਾ ਡਰਾਮਾ ਕੀਤਾ ਗਿਆ। ਕਿਸਾਨਾਂ ਨੇ ਖੇਤੀ ਕਾਨੂੰਨਾਂ ਸਬੰਧੀ ਅਜੇ ਤੱਕ ਬਾਦਲਾਂ ਨੂੰ ਮੁਆਫ਼ ਨਹੀਂ ਕੀਤਾ, ਜਦਕਿ ਬੇਅਦਬੀ ਦਾ ਮੁੱਦਾ ਇਸ ਤੋਂ ਕਿਤੇ ਵੱਡਾ ਹੈ। ਜਿਸ ਕਰਕੇ ਇਸ ਦੀ ਮੁਆਫ਼ੀ ਨਹੀਂ ਦਿੱਤੀ ਜਾ ਸਕਦੀ।
ਸੂਬਾ ਸਰਕਾਰ 'ਤੇ ਸਾਧਿਆ ਨਿਸ਼ਾਨਾ :ਉਥੇ ਬਠਿੰਡਾ ਜਿਲ੍ਹੇ ਵਿੱਚ ਅਰਵਿੰਦ ਕੇਜਰੀਵਾਲ 'ਤੇ ਭਗਵੰਤ ਮਾਨ ਦੀ ਰੈਲੀ ਨੂੰ ਲੈ ਕੇ ਮੌੜ ਮੰਡੀ ਹਲਕੇ ਦੇ ਸਕੂਲਾਂ ਵਿੱਚ ਕੀਤੀ ਗਈ ਛੁੱਟੀ ਸਬੰਧੀ ਰਾਜਾ ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਰੈਲੀਆਂ ਲਈ ਹੁਣ ਇਕੱਠ ਹੁੰਦਾ ਨਹੀਂ ਹੈ। ਜਿਸ ਕਰਕੇ ਇਕੱਠ ਕਰਨ ਲਈ ਸਰਕਾਰ ਡਰਾਮੇ ਕਰ ਰਹੀ ਹੈ। ਰੈਲੀ ਕਾਰਨ ਸਕੂਲਾਂ ਵਿੱਚ ਛੁੱਟੀਆਂ ਇੱਕ ਬਦਲਾਅ ਦੀ ਨਿਸ਼ਾਨੀ ਹੈ। ਇਸਤੋਂ ਇਲਾਵਾ ਮੁਲਾਜ਼ਮ ਵਰਗ ਦੀ ਹੜਤਾਲ ਸਬੰਧੀ ਉਹਨਾਂ ਕਿਹਾ ਕਿ ਮੁਲਾਜ਼ਮ ਵਰਗ ਨਾਲ ਸਰਕਾਰ ਧੱਕਾ ਕਰ ਰਹੀ ਹੈ। ਇਸ ਜ਼ਾਬਰ ਨੀਤੀ ਨਾਲ ਸਰਕਾਰਾਂ ਨਹੀਂ ਚੱਲ ਸਕਦੀਆਂ। ਉਹਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਪੰਜਾਬ ਦਾ ਖ਼ਜਾਨਾ ਭਰਿਆ ਹੋਇਆ ਹੈ, ਜਦਕਿ ਦੂਜੇ ਪਾਸੇ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਮੰਨ ਰਹੀ। ਜਿਸ ਕਰਕੇ ਦਫ਼ਤਰਾਂ ਵਿੱਚ ਆਮ ਲੋਕਾਂ ਨੂੰ ਧੱਕੇ ਖਾਣੇ ਪੈ ਰਹੇ ਹਨ।