ਬਰਨਾਲਾ: ਪੰਜਾਬ ਸਰਕਾਰ ਕਰੋਨਾਵਾਇਰਸ ਦੇ ਵਧ ਰਹੇ ਕੇਸਾਂ ਦਾ ਹਵਾਲਾ ਦੇ ਕੇ ਮਿੰਨੀ ਤਾਲਾਬੰਦੀ ਸਮੇਤ ਕਈ ਤਰ੍ਹਾਂ ਦੀਆਂ ਪਾਬੰਦੀਆਂ ਆਇਦ ਕਰ ਰਹੀ ਹੈ ਅਤੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਦਾ ਦਾਅਵਾ ਵੀ ਕਰ ਰਹੀ ਹੈ ਪਰ ਹਕੀਕਤ ਇਹ ਹੈ ਪੰਜਾਬ ਸਰਕਾਰ ਦੀ ਕਰੋਨਾ ਟੈਸਟ ਸੈਂਪਲਿੰਗ ਸਬੰਧੀ ਕੀਤੀ ਜਾ ਰਹੀ ਜਾਂਚ ‘ਤੇ ਹੀ ਸਵਾਲ ਉੱਠ ਰਹੇ ਹਨ।
ਪੰਜਾਬ ਸਰਕਾਰ ਵੱਲੋਂ ਕੌਮੀ ਸਿਹਤ ਮਿਸ਼ਨ ਤਹਿਤ ਭਰਤੀ ਕੀਤੇ ਸਿਹਤ ਮੁਲਾਜ਼ਮਾਂ ਨੂੰ ਰੈਗੂਲਰ ਨਾ ਕਰਨ ਕਰਕੇ ਉਹ ਹੜਤਾਲ ‘ਤੇ ਚੱਲ ਰਹੇ ਹਨ ਤੇ ਉਹਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਸਰਕਾਰ ਗੈਰ ਤਜੱਰਬੇਕਾਰ ਵਿਅਕਤੀਆਂ ਨੂੰ ਉਹਨਾਂ ਦੀ ਥਾਂ ‘ਤੇ ਕੰਮ ਦੇ ਰਹੀ ਹੈ। ਮਹਿਲ ਕਲਾਂ ਵਿਖੇ ਅੱਜ ਇੱਕ ਪੁਲਿਸ ਨਾਕੇ ‘ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਲੋਕਾਂ ਦੀ ਕਰੋਨਾ ਸਬੰਧੀ ਟੈਸਟਿੰਗ ਕੀਤੀ ਜਾ ਰਹੀ ਸੀ ਪਰ ਟੈਸਟ ਲੈਣ ਲਈ ਸੈਂਪਲ ਸਿਹਤ ਵਿਭਾਗ ਦੀ ਆਰਬੀਐਸਕੇ ਸਕੀਮ ਵਿੱਚ ਆਰਜੀ ਡਰਾਈਵਰ ਵਜੋਂ ਕੰਮ ਕਰਦੇ ਜਸਪਾਲ ਸਿੰਘ ਵੱਲੋਂ ਲਏ ਜਾ ਰਹੇ ਸਨ।
ਡਰਾਈਵਰ ਵੱਲੋਂ ਸੈਂਪਲ ਲੈਣ ਸਬੰਧੀ ਪੁੱਛਣ ‘ਤੇ ਸੀਐਚਸੀ ਮਹਿਲ ਕਲਾਂ ਦੇ ਐਸਐਮਓ ਡਾ ਹਰਜਿੰਦਰ ਸਿੰਘ ਸੂਦ ਨੇ ਕਿਹਾ ਕਿ ਉਹਨਾਂ ਦੀ ਟੀਮ ਸੈਂਪਲ ਲੈਣ ਗਈ ਸੀ ਜਿਸ ਵਿੱਚ ਹੈਲਥ ਵਰਕਰ ਵੀ ਸੀ, ਪਰ ਉੱਥੇ ਡਰਾਈਵਰ ਨੇ ਸੈਂਪਲ ਲਏ ਇਹ ਮਾਮਲਾ ਹੁਣੇ ਪਤਾ ਲੱਗਾ ਹੈ ਤੇ ਉੁਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ ਤੇ ਜਾਂਚ ਉਪਰੰਤ ਹੀ ਕੁੱਝ ਕਿਹਾ ਜਾ ਸਕਦਾ ਹੈ।
ਇਸ ਸਬੰਧੀ ਸੈਂਪਲ ਲੈਣ ਗਈ ਟੀਮ ਦੇ ਹੈਲਥ ਵਰਕਰ ਬੂਟਾ ਸਿੰਘ ਨੇ ਕਿਹਾ ਕਿ ਉਹਨਾਂ ਦੀ ਟੀਮ ਸੈਂਪਲ ਲੈਣ ਗਈ ਸੀ ਅਤੇ ਐਨਐਚਐਮ ਕਰਮਚਾਰੀ ਹੜਤਾਲ ‘ਤੇ ਹੋਣ ਕਾਰਨ ਕੰਮ ਦਾ ਬੋਝ ਜਿਆਦਾ ਹੈ ਜਿਸ ਕਾਰਨ ਕੁੱਝ ਸੈਂਪਲ ਡਰਾਈਵਰ ਵੱਲੋਂ ਲਏ ਗਏ ਸਨ।ਉਹਨਾਂ ਕਿਹਾ ਕਿ ਡਰਾਈਵਰ ਰੋਜਾਨਾ ਟੀਮ ਨਾਲ ਜਾਣ ਕਾਰਨ ਟਰੇਂਡ ਹੈ।
ਇਸ ਤਰ੍ਹਾਂ ਸੈਂਪਲ ਲੈ ਰਹੇ ਡਰਾਈਵਰ ਦੀ ਜਿੰਦਗੀ ਵੀ ਜੋਖਮ ਵਿੱਚ ਪੈ ਰਹੀ ਹੈ ਕਿਉਂਕਿ ਉਸਨੂੰ ਪਹਿਨਣ ਲਈ ਪੀਪੀਈ ਕਿੱਟ ਵੀ ਨਹੀਂ ਦਿੱਤੀ ਗਈ ਤੇ ਨਾ ਹੀ ਮੂੰਹ ‘ਤੇ ਸ਼ੀਲਡ ਲਾਈ ਹੋਈ ਹੈ।
ਇਹ ਵੀ ਪੜ੍ਹੋ: ਸਿਹਤ ਮੰਤਰੀ ਬਲਬੀਰ ਸਿੱਧੂ ਦਾ ਕੁੱਕ ਕੋਰੋਨਾ ਪੌਜਟਿਵ