ਬਰਨਾਲਾ :ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਲਗਾਤਾਰ ਸੰਘਰਸ਼ ਜਾਰੀ ਹੈ। ਇਸੇ ਸੰਘਰਸ਼ ਦੇ ਚੱਲਦਿਆਂ ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਮੋਰਚੇ ਦੀ ਅਗਵਾਈ ਵਿੱਚ ਬੀਜੇਪੀ ਲੀਡਰਾਂ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ। ਉੱਥੇ ਲਗਾਤਾਰ ਸੰਘਰਸ਼ ਕਰ ਰਹੇ ਕਿਸਾਨਾਂ ਵਿਰੁੱਧ ਬੀਜੇਪੀ ਦੇ ਸੀਨੀਅਰ ਲੀਡਰ ਹਰਜੀਤ ਸਿੰਘ ਗਰੇਵਾਲ ਵੱਲੋਂ ਲਗਾਤਾਰ ਯਤਨ ਕੀਤੇ ਜਾਣ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੱਜ ਇਹ ਰੋਸ ਉਸ ਸਮੇਂ ਭੜਕ ਕੇ ਸਾਹਮਣੇ ਆਇਆ ਜਦੋਂ ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਵਿੱਚ ਹਰਜੀਤ ਗਰੇਵਾਲ ਦੀ ਜਮੀਨ ਵਿੱਚ ਲੱਗਿਆ ਝੋਨਾ ਕਿਸਾਨਾਂ ਵੱਲੋਂ ਪੱਟ ਦਿੱਤਾ ਗਿਆ।
ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਜਥੇਬੰਦੀਆਂ ਦੇ ਆਗੂ ਜਗਜੀਤ ਸਿੰਘ ਛੀਨੀਵਾਲ ਅਤੇ ਬਲਵੰਤ ਸਿੰਘ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਕਸਬਾ ਧਨੌਲਾ ਵਿੱਚ ਕਿਸਾਨਾਂ ਨੂੰ ਅਪੀਲ ਕੀਤੀ ਗਈ ਸੀ ਕਿ ਕੋਈ ਵੀ ਕਿਸਾਨ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਦੇ ਚਲਦਿਆਂ ਭਾਜਪਾ ਲੀਡਰ ਹਰਜੀਤ ਗਰੇਵਾਲ ਦੀ ਜ਼ਮੀਨ ਠੇਕੇ ਤੇ ਨਾ ਲਵੇ। ਪਰ ਇਸ ਦੇ ਬਾਵਜੂਦ ਧਨੌਲਾ ਦੇ ਇਕ ਵਿਅਕਤੀ ਵੱਲੋਂ ਹਰਜੀਤ ਗਰੇਵਾਲ ਦੀ ਜ਼ਮੀਨ ਠੇਕੇ ਉਪਰ ਲੈ ਲਈ ਗਈ ਅਜਿਹਾ ਕਰਨ ਤੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਉਕਤ ਠੇਕੇ ਤੇ ਜ਼ਮੀਨ ਲੈਣ ਵਾਲੇ ਵਿਅਕਤੀ ਨੂੰ ਰੋਕਿਆ ਗਿਆ।