ਬਰਨਾਲਾ: ਖੇਤਰੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ, ਜਿਉਂ-ਜਿਉਂ ਦਿਨ ਵੱਧਦੇ ਜਾ ਰਹੇ ਨੇ ਕਿਸਾਨਾਂ ਦੇ ਹੌਂਸਲੇ ਵੀ ਘੱਟਣ ਦੀ ਬਜਾਏ ਬੁੰਲਦ ਹੁੰਦੇ ਜਾ ਰਹੇ ਹਨ। ਇਸ ਲੜੀ ਤਹਿਤ ਸ਼ਹਿਰ ਦੇ ਰੇਲਵੇ ਸਟੇਸ਼ਨ 'ਤੇ ਲਗਾਤਾਰ ਕਿਸਾਨਾਂ ਦੁਆਰਾ ਜਿੱਥੇ ਤਿੰਨ ਮਹੀਨਿਆਂ ਤੋਂ ਧਰਨਾ ਜਾਰੀ ਹੈ, ਉੱਥੇ ਹੀ ਕਿਸਾਨਾਂ ਵੱਲੋਂ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਵੀ 10ਵੇਂ ਦਿਨ ’ਚ ਪ੍ਰਵੇਸ਼ ਕਰ ਗਈ।
ਬਰਨਾਲਾ ’ਚ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੀ ਭੁੱਖ ਹੜਤਾਲ ਲਗਾਤਾਰ ਜਾਰੀ ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਲਗਾਤਾਰ ਦੇਸ਼ ਦੇ ਕਿਸਾਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ, ਜਿਸ ਤਹਿਤ ਦਿੱਲੀ ਵੱਲ ਰੋਜ਼ ਕਿਸਾਨਾਂ ਦੇ ਕਾਫ਼ਲੇ ਜਾ ਰਹੇ ਹਨ ਅਤੇ ਮੋਰਚੇ ਜਾਰੀ ਹਨ।
ਇਸ ਦਰਮਿਆਨ ਪਿਛਲੇ 10 ਦਿਨਾਂ ਤੋਂ ਕਿਸਾਨਾਂ ਦੀ ਭੁੱਖ ਹੜਤਾਲ ਜਾਰੀ ਹੈ, ਰੋਜ਼ਾਨਾ 10-12 ਕਿਸਾਨ ਖੇਤੀ ਕਾਨੂੰਨਾਂ ਵਿਰੁੱਧ ਭੁੱਖ ਹੜਤਾਲ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬੜੇ ਸ਼ਰਮ ਦੀ ਗੱਲ ਹੈ ਕਿ ਦੇਸ਼ ਦੇ ਅੰਨਦਾਤਾ ਕਹਾਉਣ ਵਾਲੇ ਕਿਸਾਨਾਂ ਨੂੰ ਆਪਣੇ ਹੱਕ ਲੈਣ ਲਈ ਭੁੱਖਾ ਰਹਿਣਾ ਪੈ ਰਿਹਾ ਹੈ।
ਕਿਸਾਨਾਂ ਨੇ ਕਿਹਾ ਕਿ ਤਿੰਨ ਮਹੀਨਿਆਂ ਬਾਅਦ ਵੀ ਉਨ੍ਹਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਿੱਥੇ ਦਿੱਲੀ ਵੱਲ ਨੂੰ ਕਿਸਾਨ ਕਾਫ਼ਲੇ ਬਣਾ ਕੇ ਜਾ ਰਹੇ ਹਨ, ਉਥੇ ਪੰਜਾਬ ਵਿਚ ਵੀ ਕਿਸਾਨਾਂ ਦੇ ਮੋਰਚੇ ਲਗਾਤਾਰ ਜਾਰੀ ਹਨ। ਇਹ ਸੰਘਰਸ਼ ਉਨ੍ਹਾਂ ਸਮਾਂ ਜਾਰੀ ਰਹੇਗਾ, ਜਿੰਨਾ ਸਮਾਂ ਕੇਂਦਰ ਸਰਕਾਰ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ।