ਬਰਨਾਲਾ:ਪਿੰਡ ਚੰਨਣਵਾਲ ਵਿਖੇ ਆਰਥਿਕ ਤੰਗੀ ਕਾਰਨ ਦਲਿਤ ਪਰਿਵਾਰ ਨਾਲ ਸਬੰਧਤ ਇੱਕ ਖੇਤ ਮਜ਼ਦੂਰ (Farm labor) ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਏਦੀਪ ਸਿੰਘ (31) ਪੁੱਤਰ ਮੇਵਾ ਸਿੰਘ ਵਾਸੀ ਚੰਨਣਵਾਲ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਆ ਰਿਹਾ ਸੀ ਪਰ ਕੋਰੋਨਾ ਵਾਇਰਸ ਕਾਰਨ ਲੱਗੀ ਤਾਲਾਬੰਦੀ ਦੌਰਾਨ ਕਾਫੀ ਸਮਾਂ ਕੰਮ ਬੰਦ ਰਿਹਾ ਅਤੇ ਉਹ ਆਰਥਿਕ ਤੌਰ ‘ਤੇ ਕਮਜ਼ੋਰ ਹੋ ਗਿਆ। ਜਿਸਦੇ ਚੱਲਦਿਆਂ ਉਸਨੇ ਖੁਦਕੁਸ਼ੀ ਕੀਤੀ ਹੈ।
ਮ੍ਰਿਤਕ ਦੀ ਪਤਨੀ ਕਮਲਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਤਿੰਨ ਬੱਚੇ ਹਨ ਅਤੇ ਕੋਈ ਪੱਕਾ ਕੰਮ ਨਾ ਹੋਣ ਕਾਰਨ ਪਰਿਵਾਰ ਦਾ ਗੁਜ਼ਾਰਾ ਮੁਸ਼ਕਿਲ ਹੋ ਰਿਹਾ ਹੈ।ਉਨ੍ਹਾਂ ਨੇ ਦੱਸਿਆ ਹੈ ਕਿ ਆਰਥਿਕ ਤੰਗੀ ਕਾਰਨ ਉਸਦੇ ਪਤੀ ਨੇ ਘਰ ਵਿੱਚ ਖੜ੍ਹੇ ਨਿੰਮ ਦੇ ਦਰਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ।ਪਤਨੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਨੂੰ ਮਾਲੀ ਸਹਾਇਤਾ ਦਿੱਤੀ ਜਾਵੇ।
ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਅਨੁਸਾਰ 174 ਦੀ ਕਾਰਵਾਈ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਮ੍ਰਿਤਕ ਨੇ ਆਰਥਿਕ ਤੰਗੀ ਕਰਕੇ ਹੀ ਖੁਦਕੁਸ਼ੀ ਕੀਤੀ ਹੈ।