ਬਰਨਾਲਾ: ਹਲਕੇ ਤੋਂ ਦੂਜੀ ਵਾਰ ਜਿੱਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਪੰਜਾਬ ਸਰਕਾਰ ਵਿੱਚ ਸਿੱਖਿਆ ਅਤੇ ਖੇਡ ਮੰਤਰੀ ਬਣੇ ਹਨ। ਮੰਤਰੀ ਬਣਨ ਤੋਂ ਬਾਅਦ ਮੀਤ ਹੇਅਰ ਅੱਜ ਪਹਿਲੀ ਵਾਰ ਹਲਕੇ ਵਿੱਚ ਪਹੁੰਚੇ ਹਨ ਜਿੱਥੇ ਉਨ੍ਹਾਂ ਦਾ ਹਲਕੇ ਦੇ ਲੋਕਾਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਉੱਥੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵੀ ਗਾਰਡ ਆਫ਼ ਆਨਰ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਮੰਤਰੀ ਬਨਣ ਤੋਂ ਬਾਅਦ ਪਹਿਲੇ ਦਿਨ ਬਰਨਾਲਾ ਆਏ ਹਨ ਜਿਸਦੇ ਚੱਲਦੇ ਸਾਰੇ ਬਰਨਾਲਾ ਵਾਸੀਆਂ ਚ ਖੁਸ਼ੀ ਹੈ ਕਿਉਂਕਿ 37 ਸਾਲਾਂ ਬਾਅਦ ਬਰਨਾਲਾ ਵਿੱਚ ਵਜ਼ਾਰਤ ਆਈ ਹੈ।
ਉਨ੍ਹਾਂ ਕਿਹਾ ਕਿ ਇਸ ਲਈ ਬਰਨਾਲਾ ਦੇ ਲੋਕ ਖ਼ੁਦ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਜੋ ਉਮੀਦਾਂ ਨਾਲ ਬਰਨਾਲਾ ਦੇ ਲੋਕਾਂ ਨੇ ਉਨ੍ਹਾਂ ਨੂੰ ਜਿਤਾਇਆ ਹੈ। ਉਸਨੂੰ ਧਿਆਨ ਵਿੱਚ ਰੱਖਦਿਆਂ ਸਾਰੀਆਂ ਉਮੀਦਾਂ ’ਤੇ ਖ਼ਰਾ ਉਤਰਾਂਗਾ। ਮੀਤ ਹੇਅਰ ਨੇ ਕਿਹਾ ਕਿ ਹਲਕੇ ਵਿੱਚ ਸਿਹਤ, ਸਿੱਖਿਆ, ਖੇਡਾਂ, ਟ੍ਰੈਫਿ਼ਕ ਸਮੇਤ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਖੇਡਾਂ ਵਿੱਚ ਪੰਜਾਬ ਬਹੁਤ ਪੱਛੜਿਆ ਹੋਇਆ ਹੈ ਜਿਸ ਕਰਕੇ ਇਸ ਖੇਤਰ ਵੱਲ ਖਿਡਾਰੀਆਂ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖਿਆ ਖੇਤਰ ਵਿੱਚ ਵੀ ਇੱਕ ਵੱਡਾ ਚੈਲੰਜ਼ ਹੈ ਅਤੇ ਇਹ ਚੈਲੰਜ ਲੈ ਕੇ ਹੀ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਹੈ। ਮੀਤ ਹੇਅਰ ਨੇ ਕਿਹਾ ਕਿ ਜੋ ਵੀ ਅਧਿਆਪਕਾਂ ਅਤੇ ਬੇਰੁਜ਼ਗਾਰਾਂ ਦੇ ਮਸਲੇ ਹਨ, ਉਨ੍ਹਾਂ ਨੂੰ ਹੱਲ ਕਰਨ ਲਈ ਪੂਰੀ ਵਾਹ ਲਾਵਾਂਗੇ।