ਬਰਨਾਲਾ: ਸਾਂਝੇ ਕਿਸਾਨ ਮੋਰਚੇ ਵਿੱਚ ਸ਼ਹੀਦ ਕਿਸਾਨ ਪਰਿਵਾਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਦਾ ਮੁੁਆਵਜ਼ਾ ਅਦਾ ਨਾ ਕੀਤੇ ਜਾਣ ਦੇ ਮੁੱਦੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਹੇਠ ਡੀਸੀ ਦਫਤਰ ਬਰਨਾਲਾ ਅੱਗੇ ਧਰਨਾ ਦਿੱਤਾ ਗਿਆ|
ਕਿਸਾਨ ਅੰਦੋਲਨ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਮੁਆਵਜ਼ੇ 'ਚ ਟਾਲਮਟੋਲ ਖਿਲਾਫ਼ ਰੋਸ ਪ੍ਰਦਰਸ਼ਨ
ਸਾਂਝੇ ਕਿਸਾਨ ਮੋਰਚੇ ਵਿੱਚ ਸ਼ਹੀਦ ਕਿਸਾਨ ਪਰਿਵਾਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਦਾ ਮੁੁਆਵਜ਼ਾ ਅਦਾ ਨਾ ਕੀਤੇ ਜਾਣ ਦੇ ਮੁੱਦੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਹੇਠ ਡੀਸੀ ਦਫ਼ਤਰ ਬਰਨਾਲਾ ਅੱਗੇ ਧਰਨਾ ਦਿੱਤਾ ਗਿਆ|
ਯੂਨੀਅਨ ਆਗੂਆਂ ਬਲਵੰਤ ਸਿੰਘ ਉੱਪਲੀ, ਗੁੁਰਦੇਵ ਸਿੰਘ ਮਾਂਗੇਵਾਲ, ਸਾਹਿਬ ਸਿੰਘ ਬਡਬਰ, ਪਰਮਿੰਦਰ ਸਿੰਘ ਹੰਢਿਆਇਆ, ਬਾਬੂ ਸਿੰਘ ਖੁੱਡੀਕਲਾਂ ਤੇ ਭੋਲਾ ਸਿੰਘ ਛੰਨਾਂ ਆਦਿ ਨੇ ਕਿਹਾ ਕਿ ਪਿੰਡ ਸੰਘੇੜਾ ਦੇ ਕਿਸਾਨ ਕੁੁਲਵਿੰਦਰ ਸਿੰਘ, ਅਤਰ ਸਿੰਘ ਵਾਲਾ ਦੇ ਗੁੁਰਦੇਵ ਸਿੰਘ ਅਤੇ 29 ਜਨਵਰੀ ਨੂੰ ਤਾਜੋ ਦੇ ਸ਼ਹੀਦ ਹੋਏ ਕਿਸਾਨ ਮਿੱਠੂ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਐਲਾਨੀ ਮੁੁਆਵਜਾ ਰਾਸ਼ੀ ਪੰਜ ਲੱਖ ਅਦਾ ਕਰਨ ਤੋਂ ਜ਼ਿਲ੍ਹਾ ਪ੍ਰਸ਼ਾਸ਼ਨ ਲਗਤਾਰ ਆਨਾਕਾਨੀ ਤੇ ਟਾਲਮਟੋਲ ਕਰ ਰਿਹਾ ਹੈ| ਆਗੂਆਂ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਕਿਸਾਨੀ ਸੰਘਰਸ਼ ਨਾਲ ਹੇਜ ਜਿਤਾਉਣ ਦਾ ਖੇਖਣ ਕਰ ਰਹੀ ਹੈ, ਦੂਜੇ ਪਾਸੇ ਕਿਸਾਨੀ ਸੰਘਰਸ਼ ਦੌਰਾਨ ਜਾਨਾਂ ਗਵਾਉਣ ਵਾਲੇ ਪਰਿਵਾਰਾਂ ਪ੍ਰਤੀ ਰਤੀ ਭਰ ਵੀ ਗੰਭੀਰ ਨਹੀਂ ਹੈ|
ਬਣਦਾ ਮੁੁਆਵਜ਼ਾ ਹਾਸਲ ਕਰਨ ਲਈ ਵੀ ਧਰਨੇ/ਮੁਜ਼ਾਹਰੇ ਕਰਨੇ ਪੈ ਰਹੇ ਹਨ| ਅਜਿਹਾ ਨਿੰਦਣਯੋਗ ਵਤੀਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ| ਰੋਸ ਪ੍ਰਗਟਾਵੇ ਦਾ ਨੋਟਿਸ ਲੈਂਦਿਆਂ ਪ੍ਰਸਾਸ਼ਨ ਵੱਲੋਂ ਨਾਇਬ ਤਹਿਸੀਲਦਾਰ ਧਨੌਲਾ ਆਸ਼ੂਤੋਸ਼ ਨੇ ਧਰਨਾ ਸਥਾਨ 'ਤੇ ਪੁੱਜਕੇ ਉਕਤ ਤਿੰਨੋਂ ਪੀੜਤ ਪਰਿਵਾਰਾਂ ਨੂੰ ਕੱਲ੍ਹ ਸ਼ਾਮ ਤੱਕ ਬਣਦੇ ਮੁਆਵਜ਼ੇ ਦੇ ਚੈੱਕ ਦੇਣ ਦਾ ਭਰੋਸਾ ਦਿਵਾਇਆ| ਉਪਰੰਤ ਪ੍ਰਦਰਸ਼ਨਕਾਰੀ ਆਗੂਆਂ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸ਼ਨ ਆਪਣੇ ਕੀਤੇ ਵਾਅਦੇ 'ਤੇ ਖਰਾ ਨਾ ਉੱਤਰਿਆ ਤਾਂ 2 ਫਰਵਰੀ ਤੋਂ ਡੀਸੀ ਦਫ਼ਤਰ ਬਰਨਾਲਾ ਅੱਗੇ ਅਣਮਿਥੇ ਸਮੇਂ ਲਈ ਧਰਨਾ ਆਰੰਭ ਕੀਤਾ ਜਾਵੇਗਾ| ਇਸ ਸਮੇਂ ਬਲਵੰਤ ਸਿੰਘ ਚੀਮਾ, ਅਮਰਜੀਤ ਕੌਰ, ਪ੍ਰੇਮਪਾਲ ਕੌਰ, ਲਖਵੀਰ ਸਿੰਘ ਦੁੱਲਮਸਰ ਆਦਿ ਕਿਸਾਨ ਆਗੂਆਂ ਨੇ ਵੀ ਸੰਬੋਧਨ ਕੀਤਾ |