ਬਰਨਾਲਾ:ਪੰਜਾਬ ਵਿੱਚ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਲਗਾਤਾਰ ਜਾਰੀ ਹਨ। ਇਸੇ ਤਹਿਤ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (Bharti Kisan Union Ekta Dakonda) ਵਲੋਂ ਬਰਨਾਲਾ ਜ਼ਿਲ੍ਹੇ ਦੇ ਮੋਗਾ ਰੋਡ ’ਤੇ ਕਸਬਾ ਪੱਖੋ ਕੈਂਚੀਆਂ (Pakho Kanchiyan toll plaza) ਨੇੜੇ ਟੋਲ ਪਲਾਜ਼ਾ ਨੂੰ ਚੁੱਕਵਾਉਣ ਲਈ ਲੱਗਿਆ ਪੱਕਾ ਮੋਰਚਾ 96ਵੇਂ ਦਿਨ ਵੀ ਜਾਰੀ ਰਿਹਾ। ਬਠਿੰਡਾ ਜ਼ਿਲ੍ਹੇ ਦੇ ਬਲਾਕ ਫ਼ੂਲ ਅਤੇ ਬਰਨਾਲਾ ਜ਼ਿਲ੍ਹੇ ਦੇ ਬਲਾਕ ਸ਼ਹਿਣਾ ਨਾਲ ਸਬੰਧੀ ਜੱਥੇਬੰਦੀ ਦੇ ਆਗੂ ਅਤੇ ਵਰਕਰ ਮੋਰਚੇ ਵਿੱਚ ਟੋਲ ਨੂੰ ਚੁੱਕਵਾਉਣ ਲਈ ਡਟੇ ਹੋਏ ਹਨ।
ਇਸ ਸਬੰਧੀ ਗੱਲਬਾਤ ਕਰਦਿਆਂ ਜੱਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਕਿਹਾ ਕਿ ਇਹ ਟੋਲ ਸਿਰਫ਼ ਕੌਮੀ ਹਾਈਵੇ ਲਈ ਹੀ ਮਨਜ਼ੂਰ ਹੈ। ਜਦਕਿ ਜਿਸ ਜਗ੍ਹਾ ਟੋਲ ਲਗਾਇਆ ਗਿਆ ਹੈ, ਉਹ ਜਗ੍ਹਾ ਕੌਮੀ ਅਤੇ ਸਟੇਟ ਹਾਈਵੇ ਦੀ ਸਾਂਝੀ ਸੜਕ ਹੈ। ਜਿਸ ਕਰਕੇ ਟੋਲ ਕੰਪਨੀ ਵਲੋਂ ਬਾਜਾਖ਼ਾਨਾ ਦੇ ਸਟੇਟ ਰੋਡ ਤੋਂ ਆਉਣ ਵਾਲੇ ਲੋਕਾਂ ਤੋਂ ਵੀ ਟੋਲ ਵਸੂਲਿਆ ਜਾ ਰਿਹਾ ਸੀ। ਜਦਕਿ ਇਸ ਰੋਡ ਦੀ ਹਾਲਤ ਬੇਹੱਦ ਖਸਤਾ ਹੈ।