ਬਰਨਾਲਾ : ਜ਼ਿਲ੍ਹੇ ਦੇ ਪਿੰਡ ਤਾਜੋਕੇ ਵਿਖੇ ਸਥਿਤ ਇੱਕ ਛੱਪੜ ‘ਚੋਂ ਕਰੀਬ 60 ਸਾਲਾ ਵਿਅਕਤੀ ਦੀ ਤੈਰਦੀ ਹੋਈ ਲਾਸ਼ ਮਿਲਣ ਦਾ ਨਾਲ ਸਨਸਨੀ ਦਾ ਮਾਹੌਲ ਬਣ ਗਿਆ। ਪੁਲਿਸ ਵਲੋਂ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਲਾਸ਼ ਬਾਹਰ ਕਢਵਾ ਕੇ ਬਰਨਾਲਾ ਦੇ ਮੁਰਦਾ ਘਰ 'ਚ ਪਛਾਣ ਲਈ ਰਖਵਾ ਦਿੱਤੀ।
ਪਿੰਡ ਨਿਵਾਸੀਆਂ ਦਾ ਕਹਿਣਾ ਹੈ ਕਿ ਛੱਪੜ ਨਜ਼ਦੀਕ ਵਸਦੇ ਘਰਾਂ ਦੀਆਂ ਜਨਾਨੀਆਂ ਸਵੇਰੇ 7 ਵਜੇ ਦੇ ਕਰੀਬ ਛਟੀਆਂ ਲੈਣ ਗਈਆਂ ਤਾਂ ਉਨ੍ਹਾਂ ਛੱਪੜ ‘ਚ ਤੈਰਦੀ ਇੱਕ ਲਾਸ਼ ਦੇਖੀ। ਜਿਨ੍ਹਾਂ ਤੁਰੰਤ ਪਰਿਵਾਰਿਕ ਮੈਂਬਰਾਂ ਨੂੰ ਦੱਸਿਆ ਅਤੇ ਪਿੰਡ ‘ਚ ਗੱਲ ਅੱਗ ਵਾਂਗ ਫੈਲ ਗਈ।
ਪਿੰਡ ਦੇ ਲੋਕਾਂ ਵਲੋਂ ਤੁਰੰਤ ਤਪਾ ਮੰਡੀ ਪੁਲਿਸ ਸਟੇਸ਼ਨ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਡੀ.ਐਸ.ਪੀ ਤਪਾ ਬਲਜੀਤ ਸਿੰਘ ਬਰਾੜ, ਐਸ.ਐਚ.ਓ ਤਪਾ ਜਗਜੀਤ ਸਿੰਘ ਘੁਮਾਣ ਦੀ ਅਗਵਾਈ ‘ਚ ਪੁੱਜੀ ਪੁਲਿਸ ਪਾਰਟੀ ਨੇ ਪਤਵੰਤਿਆਂ ਦੀ ਹਾਜ਼ਰੀ ‘ਚ ਛੱਪੜ ਵਿੱਚੋਂ ਲਾਸ਼ ਨੂੰ ਬਾਹਰ ਕਢਵਾਇਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਇਲਾਕੇ ਦੇ ਪਿੰਡਾਂ ‘ਚ ਅਨਾਊਂਸਮੈਂਟ ਕਰਵਾਕੇ ਮਿੰਨੀ ਸਹਾਰਾ ਕਲੱਬ ਦੀ ਐਬੂਲੈਸ਼ ਰਾਹੀਂ ਮੁਰਦਾ ਘਰ ਬਰਨਾਲਾ ‘ਚ 72 ਘੰਟਿਆਂ ਤੱਕ ਪਛਾਣ ਲਈ ਰੱਖਵਾ ਦਿੱਤਾ।
ਜਾਂਚ ਅਧਿਕਾਰੀ ਗੁਰਦੀਪ ਸਿੰਘ ਅਨੁਸਾਰ ਮ੍ਰਿਤਕ ਦੀ ਜੇਬ ‘ਚੋਂ 2 ਸਟੀਲ ਦੇ ਗਲਾਸ, 2 ਮਾਚਿਸਾਂ ਤੇ 2 ਰੁਮਾਲ ਮਿਲੇ ਹਨ। ਕੁੜਤਾ-ਪਜਾਮਾ ਅਤੇ ਪੈਰਾਂ ‘ਚ ਹਰੇ ਰੰਗ ਦੀਆਂ ਨਵੀਆਂ ਚੱਪਲਾਂ ਪਾਈਆਂ ਹੋਈਆਂ ਸਨ। ਪੁਲਿਸ ਨੇ ਧਾਰਾ 174 ਦੀ ਕਾਰਵਾਈ ਅਮਲ ‘ਚ ਲਿਆ ਕੇ ਮਾਮਲੇ ਦੀ ਜਾਂਚ ਅਰੰਭ ਦਿੱਤੀ ਹੈ।