ਬਰਨਾਲਾ: ਨਗਰ ਕੌਂਸਲ ਦਫਤਰ ਵੱਲੋਂ ਰਾਤ ਦੇ ਹਨੇਰੇ ਵਿੱਚ 15-20 ਪੁਰਾਣੇ ਦਰੱਖਤ ਕੱਟੇ ਜਾਣ ’ਤੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਦਰੱਖਤਾਂ ਦੀ ਇਸ ਕਟਾਈ ਦਾ ਬਰਨਾਲਾ ਦੇ ਕੌਂਸਲਰਾਂ ਵੱਲੋਂ ਵੱਡੇ ਪੱਧਰ ’ਤੇ ਵਿਰੋਧ ਕੀਤਾ ਗਿਆ ਹੈ। ਉੱਥੇ ਹੀ ਇਹ ਮਾਮਲਾ ਉਦੋਂ ਹੋਰ ਗਰਮਾ ਗਿਆ ਜਦੋਂ ਇਨ੍ਹਾਂ ਕੱਟੇ ਗਏ ਦਰੱਖਤਾਂ ਨੂੰ ਨਗਰ ਕੌਂਸਲ ਕਮੇਟੀ ਤੋਂ ਇੱਕ ਟਰਾਲੀ ਵਿੱਚ ਲੱਦ ਕੇ ਬਾਹਰ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ ਮੌਕੇ ’ਤੇ ਮੌਜੂਦ ਕੁਝ ਕੌਂਸਲਰਾਂ ਨੇ ਇਸ ਦਾ ਵਿਰੋਧ ਕਰਦਿਆਂ ਟਰਾਲੀ ਨੂੰ ਫੜ ਕੇ ਥਾਣਾ ਸਿਟੀ ਬਰਨਾਲਾ ਦੇ ਹਵਾਲੇ ਕਰ ਦਿੱਤਾ।
ਕੌਂਸਲਰਾਂ ਨੇ ਕੀਤੀ ਸ਼ਿਕਾਇਤ: ਕੌਂਸਲਰਾਂ ਦਾ ਦਾਅਵਾ ਹੈ ਕਿ ਇਹ ਦਰੱਖਤ ਬਿਨ੍ਹਾਂ ਕਿਸੇ ਪ੍ਰਵਾਨਗੀ ਦੇ ਗੈਰ ਕਾਨੂੰਨੀ ਤਰੀਕੇ ਕੱਟੇ ਜਾ ਰਹੇ ਹਨ। ਜਿਸ ਕਰਕੇ ਦਰੱਖਤ ਕੱਟਣ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਹੋਵੇ। ਜਦਕਿ ਬਰਨਾਲਾ ਥਾਣੇ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਨਗਰ ਕੌਂਸਲ ਦੇ ਅਧਿਕਾਰੀ ਇਸ ਮਾਮਲੇ ਪ੍ਰਤੀ ਕੋਈ ਪ੍ਰਤੀਕਰਮ ਦੇਣ ਨੂੰ ਤਿਆਰ ਨਹੀਂ ਹਨ। ਇਸ ਮੌਕੇ ਵਿਰੋਧ ਕਰਨ ਵਾਲੇ ਕੌਂਸਲਰਾਂ ਨੇ ਦੱਸਿਆ ਕਿ ਇਕ ਪਾਸੇ ਪੰਜਾਬ ਸਰਕਾਰ ਵੱਲੋਂ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਰੁੱਖ ਲਗਾ ਕੇ ਵਾਤਾਵਰਣ ਨੂੰ ਬਚਾਉਣ ਦੀ ਗੱਲ ਕੀਤੀ ਜਾ ਰਹੀ ਹੈ। ਜਦੋਂ ਕਿ ਦਫ਼ਤਰਾਂ ਵਿੱਚ ਲਗਾਏ ਗਏ ਦਰੱਖਤਾਂ ਅਤੇ ਬੂਟਿਆਂ ਨੂੰ ਨਗਰ ਕੌਂਸਲ ਬਰਨਾਲਾ ਦੇ ਅਧਿਕਾਰੀਆਂ ਵੱਲੋਂ ਬਿਨਾਂ ਕਿਸੇ ਮਨਜ਼ੂਰੀ ਦੇ ਕੱਟਿਆ ਗਿਆ ਹੈ ਜੋ ਕਿ ਸਰਾਸਰ ਗੈਰ-ਕਾਨੂੰਨੀ ਹੈ। ਉਹਨਾਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕਰਨ ਦੇ ਨਾਲ ਨਾਲ ਮੁਲਜ਼ਮ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਵੀ ਕੀਤੀ।