ਬਰਨਾਲਾ: ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਅੰਦੋਲਨ ਜਾਰੀ ਹੈ। ਇਸ ਸੰਘਰਸ਼ ਤਹਿਤ ਬਰਨਾਲਾ ਦੇ ਮਹਿਲਕਲਾਂ ਟੋਲ ਪਲਾਜ਼ਾ 'ਤੇ ਲਗਾਤਾਰ ਕਿਸਾਨਾਂ ਦਾ ਮੋਰਚਾ ਲੱਗਿਆ ਹੋਇਆ ਹੈ। ਇਹ ਮੋਰਚਾ ਕਿਸਾਨਾਂ ਔਰਤਾਂ ਉੱਥੇ ਹੀ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਹੁਣ ਬੱਚਿਆਂ ਨੂੰ ਵੀ ਸੰਘਰਸ਼ ਦੀ ਗੁੜ੍ਹਤੀ ਦੇ ਰਿਹਾ ਹੈ। ਜਿਸ ਦੀ ਪ੍ਰਤੱਖ ਮਿਸਾਲ ਮਹਿਲ ਕਲਾਂ ਦੇ ਮੋਰਚੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਜਿੱਥੇ ਇਕ ਚਾਰ ਸਾਲ ਦਾ ਬੱਚਾ ਕਪਤਾਨ ਸਿੰਘ ਰੋਜ਼ਾਨਾ ਧਰਨੇ ਨੂੰ ਸੰਬੋਧਨ ਕਰਦਿਆਂ ਖੇਤੀ ਕਾਨੂੰਨਾਂ ਦੇ ਨੁਕਸਾਨ ਬਾਰੇ ਜਾਗਰੂਕ ਕਰ ਰਿਹਾ ਹੈ। ਰੋਜ਼ਾਨਾ ਕਪਤਾਨ ਸਿੰਘ ਵਲੋਂ ਤਿੰਨੇ ਖੇਤੀ ਕਾਨੂੰਨਾਂ ਦੀਆਂ ਬਾਰੀਕੀਆਂ ਬਾਰੇ ਕਿਸਾਨਾਂ ਨੂੰ ਸਮਝਾਇਆ ਜਾਂਦਾ ਹੈ। ਕਪਤਾਨ ਆਪਣੇ ਸੰਬੋਧਨ ਦੌਰਾਨ ਕਿਸਾਨ ਸੰਘਰਸ਼ ਨਾਲ ਜੁੜੇ ਨਾਅਰੇ ਵੀ ਪੂਰੇ ਜੋਸ਼ੋ ਖਰੋਸ਼ ਨਾਲ ਲਗਾਉਂਦਾ ਹੈ।
ਕਿਸਾਨੀ ਧਰਨੇ ਤੋਂ 4 ਸਾਲਾ ਕਪਤਾਨ ਸਿੰਘ ਦੀ ਕੇਂਦਰ ਨੂੰ ਲਲਕਾਰ ਇਸ ਮੌਕੇ ਗੱਲਬਾਤ ਕਰਦਿਆਂ ਕਪਤਾਨ ਸਿੰਘ ਨੇ ਦੱਸਿਆ ਕਿ ਉਹ ਪਹਿਲੀ ਕਲਾਸ ਵਿਚ ਪਿੰਡ ਦੇ ਇੱਕ ਨਿੱਜੀ ਸਕੂਲ ਵਿੱਚ ਪੜ੍ਹਾਈ ਕਰ ਰਿਹਾ ਹੈ। ਉਸ ਨੂੰ ਖੇਤੀ ਕਾਨੂੰਨਾਂ ਸਬੰਧੀ ਜਾਣਕਾਰੀ ਉਸਦੇ ਮਾਤਾ ਪਿਤਾ ਵੱਲੋਂ ਦਿੱਤੀ ਗਈ ਹੈ, ਜਿਸ ਬਾਰੇ ਉਹ ਰੋਜ਼ਾਨਾ ਕਿਸਾਨਾਂ ਨੂੰ ਧਰਨੇ ਵਿਚ ਦੱਸਦਾ ਹੈ।
ਕਪਤਾਨ ਸਿੰਘ ਨੇ ਦੱਸਿਆ ਕਿ ਇਨ੍ਹਾਂ ਖੇਤੀ ਕਾਨੂੰਨਾਂ ਦੇ ਪਹਿਲੇ ਕਾਨੂੰਨ ਵਿੱਚ ਜ਼ਖ਼ੀਰੇਬਾਜ਼ੀ ਪੈਦਾ ਹੋਵੇਗੀ, ਜਿਸ ਨਾਲ ਚੀਜ਼ਾਂ ਦੀ ਕੀਮਤ ਵਧ ਜਾਵੇਗੀ ਅਤੇ ਲੋਕ ਚੀਜ਼ਾਂ ਨੂੰ ਨਹੀਂ ਖਰੀਦ ਸਕਣਗੇ। ਦੂਜੇ ਕਾਨੂੰਨ ਸਬੰਧੀ ਉਸਨੇ ਦੱਸਿਆ ਕਿ ਕੰਟਰੈਕਟ ਫਾਰਮਿੰਗ ਰਾਹੀਂ ਕੰਪਨੀਆਂ ਕਿਸਾਨਾਂ ਨਾਲ ਕੰਟਰੈਕਟ ਕਰਨਗੀਆਂ। ਜੋ ਕੰਟਰੈਕਟ ਕੰਪਨੀਆਂ ਵੱਲੋਂ ਕੀਤਾ ਜਾਵੇਗਾ, ਕਿਸਾਨ ਨੂੰ ਉਹੀ ਫ਼ਸਲ ਬੀਜਣੀ ਪਵੇਗੀ ਅਤੇ ਕੰਪਨੀਆਂ ਘੱਟ ਕੀਮਤ ਵਿੱਚ ਕਿਸਾਨਾਂ ਤੋਂ ਫਸਲ ਖਰੀਦਣਗੀਆਂ।
ਤੀਜੇ ਕਨੂੰਨ ਵਿੱਚ ਖੁੱਲ੍ਹੀ ਮੰਡੀ ਰਾਹੀਂ ਸਰਕਾਰੀ ਮੰਡੀਆਂ ਬੰਦ ਕਰਕੇ ਪ੍ਰਾਈਵੇਟ ਮੰਡੀਆਂ ਖੋਲ ਦਿੱਤੀਆਂ ਜਾਣਗੀਆਂ। ਕਪਤਾਨ ਸਿੰਘ ਨੇ ਦੱਸਿਆ ਕਿ ਉਸ ਕੋਲ ਭਾਵੇਂ ਜ਼ਮੀਨ ਨਹੀਂ ਹੈ, ਪਰ ਉਸ ਕੋਲ ਜ਼ਮੀਰ ਹੈ। ਇਸ ਮੌਕੇ ਕਪਤਾਨ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਉਨ੍ਹਾਂ ਨਾਲ ਧਰਨੇ ਦੇ ਵਿੱਚ ਆਉਂਦਾ ਹੈ ਤੇ ਉਸਨੇ ਧਰਨੇ ਦੌਰਾਨ ਹੀ ਇਹ ਸਭ ਕੁਝ ਸਿੱਖਿਆ ਹੈ। ਦੂਜੇ ਪਾਸੇ ਕਿਸਾਨ ਆਗੂਆਂ ਵੱਲੋਂ ਬੱਚੇ ਦੇ ਇਸ ਜੋਸ਼ ਦੀ ਸ਼ਲਾਘਾ ਕਰਦੇ ਹੋਏ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਬੱਚਿਆਂ ਨੂੰ ਅਜਿਹੀ ਜਾਣਕਾਰੀ ਦੇਣੀ ਚਾਹੀਦੀ ਹੈ ।
ਇਹ ਵੀ ਪੜ੍ਹੋ:Punjab Power Crisis: ਦਿੱਲੀ ਬਨਾਮ ਪੰਜਾਬ