ਬਰਨਾਲਾ: ਪਿੰਡ ਦਾਨਗੜ੍ਹ ਵਿਖੇ ਦਲਿਤ ਪਰਿਵਾਰ ਦੀ 4 ਸਾਲਾ ਬੱਚੀ ਨਾਲ ਜਬਰ ਜ਼ਨਾਹ ਦੀ ਘਟਨਾ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਹੀ ਇੱਕ 16 ਸਾਲਾ ਨਾਬਾਲਗ ਮੁੰਡੇ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਪੁਲਿਸ ਪ੍ਰਸ਼ਾਸ਼ਨ ਨੇ ਬੱਚੀ ਦਾ ਮੈਡੀਕਲ ਚੈਕਅੱਪ ਕਰਵਾ ਕੇ ਮਾਮਲਾ ਦਰਜ ਕਰ ਲਿਆ ਹੈ। ਥਾਣਾ ਧਨੌਲਾ ਦੀ ਪੁਲਿਸ ਵੱਲੋਂ ਦੋਸ਼ੀ ਵਿਰੁੱਧ ਵੀ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਬਰਨਾਲਾ 'ਚ 4 ਸਾਲਾ ਬੱਚੀ ਨਾਲ ਹੋਇਆ ਜਬਰ ਜ਼ਨਾਹ
ਬਰਨਾਲਾ ਦੇ ਪਿੰਡ ਦਾਨਗੜ੍ਹ 'ਚ ਚਾਰ ਸਾਲਾ ਬੱਚੀ ਨਾਲ ਜਬਰ ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਨਾਲ ਇਹ ਸ਼ਰਮਨਾਕ ਹਰਕਤ ਉਸ ਦੇ ਗੁਆਂਢ 'ਚ ਰਹਿਣਦੇ ਇੱਕ 16 ਸਾਲਾ ਮੁੰਡੇ ਨੇ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦਾਨਗੜ੍ਹ ਦੇ ਸਰਪੰਚ ਗੁਲਾਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਅੱਜ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ। ਪਿੰਡ ਦੇ ਹੀ ਇੱਕ ਗਰੀਬ ਪਰਿਵਾਰ ਦੀ 4 ਸਾਲਾ ਬੱਚੀ ਨਾਲ ਉਸਦੇ ਗੁਆਂਢ ’ਚ ਰਹਿੰਦੇ 16 ਸਾਲਾ ਲੜਕੇ ਨੇ ਜਬਰ ਜ਼ਨਾਹ ਕੀਤਾ ਹੈ। ਪਿੰਡ ਦੀ ਪੰਚਾਇਤ ਪੂਰਨ ਤੌਰ ’ਤੇ ਬੱਚੀ ਦੇ ਪਰਿਵਾਰ ਦੇ ਨਾਲ ਹੈ। ਸਰਪੰਚ ਨੇ ਦੋਸ਼ੀ ਮੁੰਡੇ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਤਾਂ ਜੋ ਅੱਗੇ ਤੋਂ ਅਜਿਹੀ ਮੰਦਭਾਗੀ ਘਟਨਾ ਨਾ ਵਾਪਰ ਸਕੇ।
ਬਰਨਾਲਾ ਦੇ ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਪਿੰਡ ਦਾਨਗੜ੍ਹ ਵਿਖੇ ਐਸਸੀ ਪਰਿਵਾਰ ਦੀ 4 ਸਾਲਾ ਬੱਚੀ ਨਾਲ ਗੁਆਂਢ ’ਚ ਰਹਿਣ ਵਾਲੇ ਇੱਕ ਨੌਜਵਾਨ ਨੇ ਜਬਰ ਜ਼ਨਾਹ ਕੀਤਾ ਹੈ। ਪੁਲਿਸ ਨੇ ਬੱਚੀ ਦਾ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਹੈ। ਹਾਲ ਦੀ ਘੜੀ ਬੱਚੀ ਦੀ ਹਾਲਤ ਸਥਿਰ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਦੋਸ਼ੀ ਵਿਰੁੱਧ ਪੌਸਕੋ ਐਕਟ, ਬਲਾਤਕਾਰ ਅਤੇ ਐਸਸੀ ਐਕਟ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਹੈ। ਫ਼ਿਲਹਾਲ ਦੋਸ਼ੀ ਪੁਲਿਸ ਦੀ ਹਿਰਾਸਤ ਤੋਂ ਬਾਹਰ ਹੈ। ਪੁਲਿਸ ਟੀਮਾਂ ਦੋਸ਼ੀ ਨੂੰ ਫ਼ੜ੍ਹਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।