ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਹਰਮੰਦਿਰ ਸਾਹਿਬ ਦਰਬਾਰ ਸਾਹਿਬ ਦੀ ਨੀਂਹ ਅੰਮ੍ਰਿਤਧਾਰੀ ਸਿੱਖ ਤੋਂ ਨਹੀਂ ਰੱਖਵਾ ਕੇ ਮੁਸਲਮਾਨ ਤੋਂ ਰਖਵਾਈ ਤੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ। ਸੁਖਬੀਰ ਬਾਦਲ ਵੱਲੋਂ ਦਿੱਤਾ ਗਿਆ ਇਹ ਬਿਆਨ ਕਿਤੇ-ਨਾ-ਕਿਤੇ ਇਹ ਦਰਸਾ ਰਿਹਾ ਹੈ ਕਿ ਉਨ੍ਹਾਂ ਨੂੰ ਇਤਿਹਾਸ ਦੀ ਜਾਣਕਾਰੀ ਨਹੀਂ ਹੈ।
ਉੱਥੇ ਹੀ ਅਫ਼ਸੋਸ ਦੀ ਗੱਲ ਇਹ ਹੈ ਕਿ ਜਿਸ ਵੇਲੇ ਸੁਖਬੀਰ ਬਾਦਲ ਇਹ ਬਿਆਨ ਦੇ ਰਹੇ ਸਨ ਉਸ ਵੇਲੇ ਕੋਲ ਬੈਠੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤ ਚੁੱਪ ਵੱਟੀ ਬੈਠੇ ਰਹੇ। ਇਸ ਦੇ ਨਾਲ ਹੀ ਸਾਬਕਾ ਅਕਾਲੀ ਵਿਧਾਇਕ ਜਥੇਦਾਰ ਵੀਰ ਸਿੰਘ ਲੋਪੋਕੇ ਨੇ ਸੁਖਬੀਰ ਬਾਦਲ ਦੀ ਭੁੱਲ ਸੁਧਾਰਨ ਲਈ ਕੋਈ ਗੱਲ ਨਹੀਂ ਕਹੀ ਤੇ ਚੁੱਪਚਾਪ ਸੁਣਦੇ ਰਹੇ।
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੀ ਇਤਿਹਾਸ ਤੋਂ ਵਾਂਝੇ ਹਨ ਤੇ ਉਹ ਅਜਿਹੀ ਵਿਵਾਦਤ ਟਿੱਪਣੀ ਕਰ ਰਹੇ ਹਨ, ਪਰ ਉੱਥੇ ਹੀ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਵੀ ਇਤਿਹਾਸ ਤੋਂ ਜਾਣੂ ਹੁੰਦੇ ਹੋਏ ਵੀ ਉਸ ਗੱਲ ਨੂੰ ਚੁੱਪਚਾਪ ਸੁਣ ਕੇ ਨਜ਼ਰ ਅੰਦਾਜ਼ ਕਰ ਰਹੇ ਹਨ। ਇਸ ਤੋਂ ਇਹ ਜਾਪਦਾ ਹੈ ਕਿ ਸ਼੍ਰੋਮਣੀ ਕਮੇਟੀ ਬਾਦਲਾਂ ਦੇ ਕਬਜ਼ੇ ਵਿੱਚ ਆ ਗਈ ਹੈ ਤੇ ਬਾਦਲਕੇ ਜੋ ਮਰਜ਼ੀ ਬਿਆਨ ਦੇਣ ਉਹ ਸਵੀਕਾਰ ਹੈ।
ਦੱਸ ਦਈਏ, ਦਰਬਾਰ ਸਾਹਿਬ ਦੀ ਨੀਂਹ ਪੰਜਵੇਂ ਪਾਤਸ਼ਾਹ ਗੁਰੂ ਅਰਜੁਨ ਦੇਵ ਜੀ ਨੇ ਵਿੱਚ ਸਾਈ ਮੀਆਂ ਮੀਰ ਪਾਸਿਓਂ 1588 ਵਿੱਚ ਰੱਖਵਾਈ ਸੀ ਤੇ ਖ਼ਾਲਸਾ ਪੰਥ ਦੀ ਸਾਜਨਾ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਕੀਤੀ ਜਿਸ ਵੇਲੇ ਗੁਰੂ ਸਾਹਿਬ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਅੰਮ੍ਰਿਤ ਦੀ ਦਾਤ ਦਿੱਤੀ ਤੇ ਸਿੰਘ ਸਾਜੇ। ਇਸ ਤੋਂ ਪਹਿਲਾਂ ਕੋਈ ਵੀ ਸਿੱਖ ਅੰਮ੍ਰਿਤਧਾਰੀ ਨਹੀਂ ਸੀ। ਇਹ ਉਸ ਵੇਲੇ ਲੋੜ ਪਈ ਸੀ ਜਦੋਂ ਜਬਰ ਵੱਧ ਗਿਆ ਸੀ ਤੇ ਜਾਤ-ਪਾਤ, ਛੂਆ-ਛਾਤ ਨੂੰ ਲੈ ਕੇ ਲੋਕ ਆਪਸ ਵਿੱਚ ਲੜਦੇ ਸਨ। ਇਨ੍ਹਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਂਝੀਵਾਲਤਾ ਦਾ ਉਪਦੇਸ਼ ਦਿੰਦਿਆਂ ਹੋਇਆਂ ਖ਼ਾਲਸਾ ਪੰਥ ਦੀ ਸਾਜਨਾ ਕੀਤੀ।