ਅੰਮ੍ਰਿਤਸਰ: ਸਾਕਾ ਨਕੋਦਰ 4 ਫਰਵਰੀ 1986 ਨੂੰ (1986 Nakodar Saka) ਵਾਪਰਿਆਂ 37 ਸਾਲ ਬੀਤ ਚੁੱਕੇ ਹਨ। ਜਿਸ ਸਾਕੇ ਵਿੱਚ ਪੰਜਾਬ ਪੁਲਿਸ ਨੇ ਨਕੋਦਰ ਵਿੱਚ ਸਿੱਖਾਂ ਦੇ ਇੱਕ ਸ਼ਾਂਤਮਈ ਕਾਫਿਲੇ ਉੱਪਰ ਗੋਲੀਆਂ ਚਲਾ ਕੇ 4 ਨਿਹੱਥੇ ਸਿੱਖ ਨੌਜਵਾਨਾਂ ਦਾ ਕਤਲ ਕਰ ਦਿੱਤਾ ਸੀ। ਸਿੱਖਾਂ ਦਾ ਇਹ ਕਾਫਿਲਾ 2 ਦਿਨ ਪਹਿਲਾਂ ਨੂੰ ਗੁਰਦੁਆਰਾ ਗੁਰੂ ਅਰਜਨ ਜੀ, ਨਕੋਦਰ ਵਿਖੇ ਅਗਨ ਭੇਂਟ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੋਇੰਦਵਾਲ ਸਾਹਿਬ ਲਿਜਾਉਣ ਵਾਸਤੇ ਜਾ ਰਿਹਾ ਸੀ।
ਨਹੀਂ ਮਿਲਿਆ ਇਨਸਾਫ਼: ਸਾਕਾ ਨਕੋਦਰ 1986 ਦੌਰਾਨ ਪੁਲੀਸ ਵੱਲੋਂ ਸਿੱਖ ਨੌਜਵਾਨਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਸੀ। ਪੁਲਿਸ ਨੇ ਇਹ ਸਾਕਾ ਵਰਤਾ ਦੇਣ ਤੋਂ ਬਾਅਦ ਮਾਰੇ ਗਏ ਸਿੱਖ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਵੀ ਪਰਿਵਾਰਾਂ ਨੂੰ ਨਹੀਂ ਸਨ ਦਿੱਤੀਆਂ ਅਤੇ ਆਪੇ ਹੀ ਇਨ੍ਹਾਂ ਦਾ ਬਿਨਾ ਮਰਿਆਦਾ ਦੇ ਤੇਲ ਪਾ ਕੇ ਸਸਕਾਰ ਕਰ ਦਿੱਤਾ ਸੀ। ਇਹਨਾਂ ਨੌਜਵਾਨਾਂ ਦੀ ਯਾਦ ਵਿਚ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਸਥਿਤ ਗੁਰਦੁਆਰਾ ਬਾਬਾ ਗੁਰਬਖ਼ਸ਼ ਸਿੰਘ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਜਿੱਥੇ ਕਿ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਇਹਨਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਵੀ ਪਹੁੰਚੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਅਤੇ 1986 ਵਿੱਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਸਾਕਾ ਨਕੋਦਰ ਦੇ ਸ਼ਹੀਦਾਂ ਰਵਿੰਦਰ ਲਿੱਤਰਾਂ, ਭਾਈ ਹਰਮਿੰਦਰ ਸਿੰਘ ਚਲੂਪਰ, ਭਾਈ ਬਲਧੀਰ ਸਿੰਘ ਰਾਮਗੜ੍ਹ ਅਤੇ ਝਿਲਮਣ ਸਿੰਘ ਗੋਰਸੀਆਂ ਦੀ 37 ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਹਨ।