ਏਸੀਪੀ ਵਰਿੰਦਰਜੀਤ ਸਿੰਘ ਖੋਸਾ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ:ਪੰਜਾਬ 'ਚ ਲੁੱਟ ਖੋਹ ਦੀਆਂ ਵਾਰਦਾਤਾਂ ਆਮ ਹੁੰਦੀਆਂ ਜਾ ਰਹੀਆਂ ਹਨ। ਦਿਨ ਦਿਹਾੜੇ ਲੁੱਟਾਂ ਕੀਤੀਆਂ ਜਾ ਰਹੀਆਂ ਹਨ ਜਾਂ ਰਾਤ ਦੇ ਹਨ੍ਹਰੇ 'ਚ ਘਰਾਂ ਨੂੰ ਬਦਮਾਸ਼ਾਂ ਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਵਿਚਾਲੇ ਪੁਲਿਸ ਆਪਣਾ ਕੰਮ ਕਰ ਰਹੀ ਅਤੇ ਮੁਲਜ਼ਮਾਂ ਨੂੰ ਫੜਨ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ ਪਰ ਅਜਿਹਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ, ਜਿਥੇ ਦੋ ਪੁਲਿਸ ਵਾਲਿਆਂ ਦੇ ਬੱਚਿਆਂ ਵਲੋਂ ਹੀ ਸਾਥੀਆਂ ਨਾਲ ਮਿਲ ਕੇ ਗੱਡੀ ਦੀ ਲੁੱਟ ਖੋਹ ਕੀਤੀ ਗਈ ਸੀ। ਜਿਸ 'ਚਿ ਮਾਮਲੇ ਦੀ ਸ਼ਿਕਾਇਤ ਮਿਲਦੇ ਹੀ ਅੰਮ੍ਰਿਤਸਰ ਨਾਰਥ ਪੁਲਿਸ ਵਲੋਂ ਕੁਝ ਘੰਟਿਆਂ 'ਚ ਹੀ ਮਾਮਲਾ ਹੱਲ ਕਰਕੇ ਚਾਰ ਮੁਲਜ਼ਮਾਂ ਨੂੰ ਗੱਡੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਚੋਰੀ ਦਾ ਹੋਰ ਸਮਾਨ ਵੀ ਬਰਾਮਦ ਕਰ ਲਿਆ ਹੈ। (Car Theft Case)
ਪੁਲਿਸ ਵਾਲਿਆਂ ਦੇ ਪੁੱਤ ਕਰ ਰਹੇ ਲੁੱਟ: ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਏਸੀਪੀ ਵਰਿੰਦਰਜੀਤ ਸਿੰਘ ਖੋਸਾ ਨੇ ਦੱਸਿਆ ਕਿ ਉਹਨਾਂ ਦੀ ਟੀਮ ਵੱਲੋਂ 24 ਘੰਟਿਆਂ ਦੇ ਅੰਦਰ-ਅੰਦਰ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਇੱਕ ਮੁਲਜ਼ਮ ਦੀ ਭਾਲ ਅਜੇ ਵੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਲੁੱਟ ਦੀ ਵਾਰਦਾਤ ਕਰਨ ਵਾਲਿਆਂ 'ਚੋਂ ਦੋ ਮੁਲਜ਼ਮ ਪੁਲਿਸ ਅਧਿਕਾਰੀਆਂ ਦੇ ਪੁੱਤ ਹਨ, ਜਿੰਨ੍ਹਾਂ ਵਲੋਂ ਸਾਥੀਆਂ ਨਾਲ ਮਿਲ ਕੇ ਵਾਰਦਾਤ ਕੀਤੀ ਗਈ ਹੈ।
ਸ਼ਰਾਬ ਪਿਲਾ ਕੇ ਕੀਤੀ ਵਾਰਦਾਤ:ਏਸੀਪੀ ਨੇ ਦੱਸਿਆ ਕਿ ਇੰਨ੍ਹਾਂ ਮੁਲਜ਼ਮਾਂ ਵਲੋਂ ਗੱਡੀ ਦੀ ਲੁੱਟ ਕਰਨ ਤੋਂ ਪਹਿਲਾਂ ਉਸ ਦੇ ਮਾਲਕ ਨਾਲ ਬੈਠ ਕੇ ਸ਼ਰਾਬ ਪੀਤੀ ਅਤੇ ਉਸ ਤੋਂ ਬਾਅਦ ਇਕੱਠੇ ਗੱਡੀਆਂ 'ਚ ਬੈਠ ਕੇ ਬਾਜ਼ਾਰ ਦੀ ਗੇੜੀ ਵੀ ਮਾਰੀ। ਉਨ੍ਹਾਂ ਦੱਸਿਆ ਕਿ ਜਦੋਂ ਗੱਡੀ ਦਾ ਮਾਲਕ ਕਿਸੇ ਕੰਮ ਲਈ ਗੱਡੀ ਤੋਂ ਬਾਹਰ ਉਤਰਿਆ ਤਾਂ ਇਹ ਮੁਲਜ਼ਮ ਉਸ ਦੀ ਗੱਡੀ ਲੈਕੇ ਫ਼ਰਾਰ ਹੋ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੱਡੀ ਆਟੋਮੈਟਿਕ ਹੋਣ ਕਾਰਨ ਉਸ ਦੀ ਚਾਬੀ ਮਾਲਕ ਕੋਲ ਹੀ ਰਹਿ ਗਈ, ਜਿਸ ਤੋਂ ਬਾਅਦ ਇਹ ਚਾਬੀ ਲੈਣ ਲਈ ਵਾਪਸ ਆਏ ਤਾਂ ਇੰਨ੍ਹਾਂ ਵਲੋਂ ਉਸ ਦੀ ਕੁੱਟਮਾਰ ਕਰਕੇ ਚਾਬੀ ਤੇ ਮੋਬਾਈਲ ਖੋਹ ਲਿਆ ਤੇ ਫਿਰ ਫ਼ਰਾਰ ਹੋ ਗਏ।
ਚਾਰ ਦਿਨ ਦਾ ਮਿਲਿਆ ਰਿਮਾਂਡ: ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਪੀੜਤ ਨਸ਼ੇ ਦੀ ਹਾਲਤ ਤੋਂ ਬਾਹਰ ਆਇਆ ਤਾਂ ਇਸ ਵਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ 24 ਘੰਟਿਆਂ 'ਚ ਵਾਰਦਾਤ ਕਰਨ ਵਾਲੇ ਚਾਰ ਮੁਲਜ਼ਮ ਕਾਬੂ ਕਰ ਲਏ ਤੇ ਇੱਕ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਅੰਮ੍ਰਿਤਸਰ ਦੇ ਕੋਟ ਖਾਲਸਾ ਅਤੇ ਇਸਲਾਮਾਬਾਦ ਇਲਾਕੇ ਦੇ ਰਹਿਣ ਵਾਲੇ ਹਨ। ਜਿੰਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਕੇ ਚਾਰ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਰਿਮਾਂਡ ਦੌਰਾਨ ਹੋਰ ਪੁੱਛਗਿਛ ਕੀਤੀ ਜਾਵੇਗੀ ਤਾਂ ਜੋ ਪਤਾ ਲੱਗ ਸਕੇ ਕਿ ਇੰਨ੍ਹਾਂ ਵਲੋਂ ਹੋਰ ਕਿੰਨੀਆਂ ਵਾਰਦਾਤਾਂ ਕੀਤੀਆਂ ਗਈਆਂ ਹਨ।