ਅੰਮ੍ਰਿਤਸਰ: ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ 15 ਕਿਲੋ ਹੈਰੋਇਨ ਅਤੇ 8.40 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਇੱਕ ਨਬਾਲਗ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਡੀਜੀਪੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਨਸ਼ਾ ਤਸਕਰ ਸਰਹੱਦੀ ਖੇਤਰ ਤੋਂ ਖੇਪ ਪ੍ਰਾਪਤ ਕਰਨ ਤੋਂ ਬਾਅਦ ਇਸ ਨੂੰ ਪੰਜਾਬ ਵਿੱਚ ਪਹੁੰਚਾਉਣ ਜਾ ਰਿਹਾ ਸੀ। ਪੁਲਿਸ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਤੋਂ ਲੱਗ ਰਿਹਾ ਹੈ ਕਿ ਇਹ ਨਸ਼ੇ ਦੀ ਖੇਪ ਡਰੋਨ ਰਾਹੀਂ ਸੁੱਟੀ ਗਈ ਸੀ।
ਮੋਟਰਸਾਈਕਲ ਵੀ ਬਰਾਮਦ:ਦੱਸ ਦਈਏ ਗ੍ਰਿਫ਼ਤਾਰ ਨਸ਼ਾ ਤਸਕਰ ਦੀ ਉਮਰ 17 ਸਾਲ ਹੈ ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਪੁਲਿਸ ਨੇ ਉਸ ਕੋਲੋਂ ਹੈਰੋਇਨ ਅਤੇ ਡਰੱਗ ਮਨੀ ਬਰਾਮਦ ਕਰਨ ਤੋਂ ਇਲਾਵਾ ਇੱਕ ਹੀਰੋ ਡੀਲਕਸ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਠੋਸ ਜਾਣਕਾਰੀ ਮਿਲਣ ਉਪਰੰਤ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀਆਂ ਪੁਲਿਸ ਟੀਮਾਂ ਨੇ ਰਾਮ ਤੀਰਥ ਰੋਡ ਅੰਮ੍ਰਿਤਸਰ ਉੱਤੇ ਨਾਕਾ ਲਗਾ ਕੇ ਨਾਬਾਲਗ ਨੂੰ ਸਫਲਤਾਪੂਰਵਕ ਕਾਬੂ ਕਰ ਲਿਆ, ਜੋ ਆਪਣੇ ਸਾਥੀ ਰੇਸ਼ਮ ਸਿੰਘ ਵਾਸੀ ਪਿੰਡ ਖਾਸਾ, ਅੰਮ੍ਰਿਤਸਰ ਦੇ ਨਾਲ ਪਿੰਡ ਕੱਕੜ ਦੇ ਖੇਤਰ ਵਿੱਚੋਂ ਨਸ਼ੀਲੇ ਪਦਾਰਥਾਂ ਦੀ ਖੇਪ ਪ੍ਰਾਪਤ ਕਰਨ ਤੋਂ ਬਾਅਦ ਇਸ ਨੂੰ ਪਹੁੰਚਾਉਣ ਜਾ ਰਿਹਾ ਸੀ।