ਅੰਮ੍ਰਿਤਸਰ: ਕੋਰੋਨਾ ਵਾਇਰਸ ਦੇ ਚੱਲਦਿਆਂ ਲੱਗੇ ਕਰਫ਼ਿਊ ਕਰਕੇ ਜਿੱਥੇ ਦੇਸ਼ ਦੀ ਆਰਥਿਕਤਾ ਉੱਤੇ ਸੱਟ ਲੱਗੀ ਹੈ, ਉੱਥੇ ਹੀ ਆਮ ਲੋਕਾਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੋਜ਼ਾਨਾ ਮਿਹਨਤ ਕਰਕੇ ਕਮਾਉਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ।
ਸਰਕਾਰ ਵੱਲੋਂ ਘਰ- ਘਰ ਰਾਸ਼ਨ ਨਹੀਂ ਪਹੁੰਚਾਉਣ ਦਾ ਵਾਅਦਾ ਲੜਖੜਾ ਗਿਆ ਹੈ। ਅੰਮ੍ਰਿਤਸਰ ਸ਼ਹਿਰ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਰਾਣੀ ਬਾਜ਼ਾਰ ਸ਼ਰੀਫਪੁਰਾ ਵੱਲੋਂ ਹਰ ਰੋਜ਼ 400 ਲੋੜਵੰਦ ਪਰਿਵਾਰਾਂ ਤੱਕ ਲੰਗਰ ਬਣਾ ਕੇ ਪੁਚਾਇਆ ਜਾਂਦਾ ਹੈ।
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਪ੍ਰਿੰਸੀਪਲ ਤਰਨਜੀਤ ਸਿੰਘ ਸ਼ਰੀਫਪੁਰਾ ਨੇ ਦੱਸਿਆ ਕਿ ਗੁਰਦੁਆਰਾ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 28 ਮਾਰਚ ਤੋਂ ਨਿਰੰਤਰ ਲੰਗਰ ਦੀ ਸੇਵਾ ਚੱਲ ਰਹੀ ਹੈ। ਇਹ ਲੰਗਰ ਰੋਜ਼ਾਨਾ ਸ਼ਾਮ ਨੂੰ ਅੰਮ੍ਰਿਤਸਰ ਸਾਹਿਬ ਦੇ ਵੱਖ- ਵੱਖ ਇਲਾਕਿਆਂ ਜਿਵੇਂ ਬੱਸ ਸਟੈਂਡ, ਸ਼ਰੀਫਪੁਰਾ, ਹੁਸੈਨਪੁਰਾ, ਮੁਸਲਿਮਗੰਜ ਅਤੇ ਫੁੱਟਪਾਥਾਂ ਤੇ ਰਹਿ ਰਹੇ ਗਰੀਬਾਂ ਤਿਆਰ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਸੇਵਾਦਾਰ ਮਾਸਕ ਅਤੇ ਦੂਰੀ ਰੱਖ ਕੇ ਲੋੜਵੰਦਾਂ ਤੱਕ ਲੰਗਰ ਬਚਾਉਂਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਅਜੇ ਵੀ 10-12 ਦਿਨਾਂ ਦਾ ਰਾਸ਼ਨ ਪਿਆ ਹੈ। ਤਰਨਜੀਤ ਨੇ ਦੱਸਿਆ ਕਿ ਜਿੱਥੇ ਸਿੱਖ ਸੰਗਤਾਂ ਇਸ ਲੰਗਰ ਵਿੱਚ ਹਿੱਸਾ ਪਾ ਰਹੀਆਂ ਹਨ, ਉੱਥੇ ਕਈ ਰਾਜਨੀਤਿਕ ਲੀਡਰਾਂ ਵੱਲੋਂ ਵੀ ਉਨ੍ਹਾਂ ਨੂੰ ਰਸਦ ਭੇਜੀ ਗਈ ਹੈ।
ਉਨ੍ਹਾਂ ਦੱਸਿਆ ਕਿ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਲੰਗਰ ਬਣਾ ਕੇ ਪੈਕ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਸੇਵਾਦਾਰ ਸ਼ਹਿਰ ਦੇ ਵੱਖ- ਵੱਖ ਇਲਾਕਿਆਂ ਵਿੱਚ ਵੰਡ ਕੇ ਆਉਂਦੇ ਹਨ।