ਅੰਮ੍ਰਿਤਸਰ: ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਮੌਤ 'ਤੇ ਸ੍ਰੀ ਦੁਰਗਿਆਣਾ ਤੀਰਥ ਦੀ ਪ੍ਰਧਾਨ ਲਕਸ਼ਮੀ ਕਾਂਤਾ ਚਾਵਲਾ ਦਾ ਖੂਬ ਗੁੱਸਾ ਫੁੱਟਿਆ। ਸ੍ਰੀ ਦੁਰਗਿਆਣਾ ਤੀਰਥ ਵਿਖੇ ਇਕ ਪ੍ਰੈਸ ਵਾਰਤਾ ਨੂੰ ਸੰਬੋਧਿਤ ਕਰਦਿਆਂ ਜਿੱਥੇ ਸੁਰੱਖਿਆ ਸੰਬਧੀ ਸਰਕਾਰ ਨੂੰ ਆੜੇ ਹੱਥੀ ਲਿਆ, ਉੱਥੇ ਹੀ ਵਾਰਿਸ ਪੰਜਾਬ ਸੰਸਥਾ ਮੁਖੀ ਅੰਮ੍ਰਿਤਪਾਲ 'ਤੇ ਨੌਜਵਾਨਾਂ ਨੂੰ ਵਰਗਲਾਉਣ ਦੇ ਦੋਸ਼ ਲਾਏ।
ਇਸ ਸਬੰਧੀ ਗਲਬਾਤ ਕਰਦਿਆਂ ਪ੍ਰਧਾਨ ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਕਿ ਸੁਧੀਰ ਸੂਰੀ ਵਰਗੇ ਨੇਤਾ ਦੀ ਇਸ ਤਰ੍ਹਾਂ ਪੁਲਿਸ ਸੁਰੱਖਿਆ ਵਿੱਚ ਮੌਤ ਹੋ ਜਾਣਾ ਮੰਦਭਾਗੀ ਗੱਲ ਹੈ, ਕਿਉਕਿ ਪੁਲਿਸ ਵਲੋਂ ਕਿਤੇ ਨਾ ਕਿਤੇ ਉਨ੍ਹਾਂ ਦੀ ਸੁਰੱਖਿਆ ਵਿੱਚ ਅਣਗਹਿਲੀ ਵਰਤੀ ਅਤੇ ਕਾਤਿਲ ਵਲੋਂ ਉਨ੍ਹਾਂ ਨੂੰ ਸ਼ਰੇਆਮ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ, ਪਰ ਪੁਲਿਸ ਮੂਕ ਦਰਸ਼ਕ ਬਣ ਵੇਖਦੀ ਰਹੀ। ਉਨ੍ਹਾਂ ਕਿਹਾ ਕਿ ਅੱਜ ਹਰ ਇਕ ਆਗੂ ਆਪਣੀ ਸੁਰਖਿਆ ਨੂੰ ਲੈ ਕੇ ਛਛੋਪਣ ਵਿੱਚ ਹੈ ਜਿਸ ਨਾਲ ਲੋਕਾਂ ਦਾ ਵਿਸ਼ਵਾਸ ਕਿਤੇ ਨਾ ਕਿਤੇ ਪ੍ਰਸ਼ਾਸ਼ਨ ਅਤੇ ਮਾਹੌਲ ਤੋਂ ਉਠਦਾ ਜਾ ਰਿਹਾ ਹੈ।
ਵਾਰਿਸ ਪੰਜਾਬ ਸੰਸਥਾ ਦੇ ਆਗੂ ਅੰਮ੍ਰਿਤਪਾਲ 'ਤੇ ਸਵਾਲ ਕਰਦਿਆ ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਦੀ ਸਥਿਤੀ ਸਰਕਾਰ ਨੂੰ ਸਪੱਸ਼ਟ ਕਰਨੀ ਚਾਹੀਦੀ ਹੈ ਅਤੇ ਉਸ ਦੇ ਭੜਕਾਉਣ ਭਾਸ਼ਨਾਂ ਅਤੇ ਅਲਗਾੳ ਵਰਗੀ ਸਥਿਤੀ 'ਤੇ ਰੋਕ ਲਗਾਉਣੀ ਚਾਹੀਦੀ। ਕਿਉਕਿ, ਉਹ ਲਗਾਤਾਰ ਪੰਜਾਬ ਦੀ ਜਵਾਨੀ ਨੂੰ ਭੜਕਾਉਣ ਭਾਸ਼ਨ ਦੇ ਨਾਲ ਗ਼ਲਤ ਰਾਹ 'ਤੇ ਤੋਰ ਰਿਹਾ ਹੈ ਅਤੇ ਅਜਿਹਾ ਕਦੇ ਵੀ ਬਰਦਾਸ਼ਤ ਵੀ ਨਹੀਂ ਕੀਤਾ ਜਾਵੇਗਾ।