ਅੰਮ੍ਰਿਤਸਰ:ਕਿਸਾਨ ਮਜਦੂਰ ਸੰਘਰਸ਼ ਕਮੇਟੀ (Kisan Mazdoor Sangharsh Committee) ਵੱਲੋਂ ਰੇਲਵੇ ਟਰੈਕ ਉਤੇ ਧਰਨਾ ਲਗਾਇਆ ਗਿਆ ਹੈ। ਇਸ ਮੌਕੇ ਜਥੇਬੰਦੀਆਂ ਵੱਲੋਂ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁਖਮੰਤਰੀ ਚਰਨਜੀਤ ਸਿੰਘ ਚੰਨੀ ਦਾ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੜਾਕੇ ਦੀ ਠੰਡ ਵਿੱਚ ਪਿਛਲੇ ਚਾਰ ਦਿਨਾਂ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਕੀਤਾ ਗਿਆ। ਇਕ ਵਾਰ ਪ੍ਰਸ਼ਾਸਨ ਨਾਲ ਸਾਡੀ ਮੀਟਿੰਗ ਵੀ ਕਰਵਾਈ ਗਈ ਪਰ ਉਹ ਮੀਟਿੰਗ ਬੇਸਿੱਟਾ ਨਿਕਲੀ। ਚੰਨੀ ਸਰਕਾਰ ਦਾ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਹੈ। ਸਰਕਾਰ ਦੇ ਅੜੀਅਲ ਰੱਵਈਏ ਕਾਰਨ ਇਸ ਕੜਾਕੇ ਦੀ ਠੰਡ ਵਿੱਚ ਕਿਸਾਨਾਂ ਤੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ।
ਕਿਸਾਨ ਆਗੂ ਦਾ ਕਹਿਣਾ ਹੈ ਕਿ ਚੰਨੀ ਸਰਕਾਰ (Channi government) ਕਿਸਾਨਾਂ ਮਜਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ, ਅੰਦੋਲਨਾਂ ਦੌਰਾਨ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੇ ਇਕ ਜੀਅ ਨੂੰ ਨੂੰ ਨੌਕਰੀ ਦੇਣ, ਦਿੱਲੀ ਮੋਰਚੇ ਦੇ ਸ਼ਹੀਦ ਪਰਿਵਾਰਾਂ ਨੂੰ 5 ਲੱਖ ਰੁਪਏ ਮੁਆਵਜਾ ਤੇ ਇਕ ਜੀਅ ਨੂੰ ਨੌਕਰੀ ਦੇਣ, ਗੰਨੇ ਦਾ ਬਕਾਇਆ ਤੇ ਨਵਾਂ ਰੇਟ 360 ਰੁਪਏ ਲਾਗੂ ਕਰਨ ਤੇ ਗੜ੍ਹੇਮਾਰੀ ਨਾਲ ਮਾਝੇ ਵਿੱਚ ਤਬਾਹ ਹੋਈ ਬਾਸਮਤੀ ਦੀ ਫਸਲ ਦਾ ਮੁਆਵਜ਼ਾ ਦੇਣ ਤੋ ਪੂਰੀ ਤਰ੍ਹਾਂ ਭੱਜ ਰਹੀ ਹੈ।