ਅੰਮ੍ਰਿਤਸਰ: ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਜਿਨ੍ਹਾਂ ਨੂੰ ਸਿੱਖ ਇਤਿਹਾਸ ਵਿੱਚ ਸਤਿਕਾਰਯੋਗ ਸ਼ਹੀਦਾਂ ਦਾ ਦਰਜਾ ਪ੍ਰਾਪਤ ਹੈ।ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਜਦੋਂ ਸਿੰਘ ਵੱਖ-ਵੱਖ ਥਾਵਾਂ 'ਤੇ ਖਿੱਲਰ ਗਏ ਤਾਂ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਤਰਨਤਾਰਨ ਸਾਹਿਬ ਦੇ ਨੇੜੇ ਜੰਗਲਾਂ ਵਿੱਚ ਆ ਗਏ। ਉਨ੍ਹਾਂ ਵੱਲੋਂ ਖ਼ਾਲਸਾ ਰਾਜ ਕਾਇਮ ਕਰ ਕੇ ਟੈਕਸ ਉਗਰਾਉਣਾ ਸ਼ੁਰੂ ਕਰ ਦਿੱਤਾ ਗਿਆ।
ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਜੀ ਦੇ ਇਤਿਹਾਸ ਨੂੰ ਜਾਣਨ ਲਈ ਈਟੀਵੀ ਭਾਰਤ ਵੱਲੋਂ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੀ ਸ਼ਹਾਦਤ ਵਾਲੇ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਬਾਬਾ ਹਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ।
ਬਾਬਾ ਹਰਜੀਤ ਸਿੰਘ ਨੇ ਦੱਸਿਆ ਕਿ 1797 ਈਸਵੀ ਵਿੱਚ ਜਦੋਂ ਭਾਈ ਮਨੀ ਸਿੰਘ ਜੀ ਸ਼ਹੀਦ ਹੋ ਗਏ ਤਾਂ ਉਨ੍ਹਾਂ ਦਾ ਬਦਲਾ ਲੈਣ ਲਈ ਸਿੰਘ ਇੱਕਠੇ ਹੋਏ। ਬਾਬਾ ਦੀਪ ਸਿੰਘ ਦੀ ਸ਼ਹੀਦੀ ਤੋਂ ਬਾਅਦ ਸਿੱਖ ਵੱਖੋ-ਵੱਖ ਥਾਵਾਂ ਅਤੇ ਜੰਗਲਾਂ ਵਿੱਚ ਚਲੇ ਗਏ ਅਤੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਤਰਨ ਤਾਰਨ ਸਾਹਿਬ ਦੇ ਨੇੜੇ ਝਾੜੀਆਂ ਵਿੱਚ ਲੁੱਕ ਗਏ। ਜਿੱਥੇ ਉਹ ਰਾਤ ਸਮੇਂ ਤਰਨ ਤਾਰਨ ਸਾਹਿਬ ਵਿਖੇ ਇਸ਼ਨਾਨ ਕਰਦੇ ਸਨ।
ਇੱਕ ਦਿਨ ਜਦੋਂ ਕੁੱਝ ਮੁਗਲ ਸੜਕ ਤੋਂ ਲੰਘ ਰਹੇ ਆਪਸ ਵਿੱਚ ਗੱਲਾਂ ਕਰ ਰਹੇ ਸਨ ਤਾਂ ਉਨ੍ਹਾਂ ਦੀ ਨਜ਼ਰ ਲੁੱਕੇ ਹੋਏ ਬਾਬਾ ਬੋਤਾ ਸਿੰਘ ਗਰਜਾ ਸਿੰਘ 'ਤੇ ਪਈ। ਇੱਕ ਨੇ ਕਿਹਾ ਕਿ ਇਹ ਸਿੱਖ ਲੱਗਦੇ ਹਨ ਤਾਂ ਦੂਜੇ ਨੇ ਕਿਹਾ ਕਿ ਸਿੱਖਾਂ ਨੂੰ ਜ਼ਕਰੀਆਂ ਖਾਨ ਨੇ ਖ਼ਤਮ ਕਰ ਦਿੱਤਾ ਹੈ, ਇਹ ਕੋਈ ਡਰਪੋਕ ਹਨ।
ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਨੇ ਤਰਨਤਾਰਨ ਸਾਹਿਬ ਤੋਂ ਲਾਹੌਰ ਨੂੰ ਜਾਂਦੀ ਜਰਨੈਲੀ ਸੜਕ ਉੱਪਰ ਨਾਕਾ ਲਾ ਕੇ ਸਾਰੇ ਆਉਣ-ਜਾਣ ਵਾਲੇ ਰਾਹੀਆਂ ਤੋਂ ਟੈਕਸ ਉਗਰਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਮਤਲਬ ਖ਼ਾਲਸਾ ਰਾਜ ਕਾਇਮ ਕਰ ਦਿੱਤਾ। ਜਦੋਂ 10-12 ਦਿਨ ਕਿਸੇ ਨਾ ਰੋਕਿਆ ਤਾਂ ਉਨ੍ਹਾਂ ਜ਼ਕਰੀਆ ਖਾਨ ਨੂੰ ਦੱਸਣ ਲਈ ਚਿੱਠੀ ਲਿਖੀ ਕਿ ਹੁਣ ਖ਼ਾਲਸੇ ਦਾ ਰਾਜ ਹੋ ਗਿਆ ਹੈ।
ਬਾਬਾ ਹਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਚਿੱਠੀ ਜ਼ਕਰੀਆ ਖ਼ਾਨ ਕੋਲ ਪਹੁੰਚੀ ਤਾਂ ਉਹ ਲੋਹਾ-ਲਾਖਾ ਹੋ ਗਿਆ ਅਤੇ ਉਸ ਨੇ ਤੁਰੰਤ ਫੌਜ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਵੱਲ ਭੇਜ ਦਿੱਤੀ। ਫੌਜ ਨੇ ਆ ਕੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ। ਇਸ ਮੌਕੇ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਨੇ ਆਪਣੀ ਪਿੱਠ ਜੋੜ ਕੇ 2 ਮੋਟੇ ਸੋਟਿਆਂ ਨਾਲ ਮੁਗਲ ਫ਼ੌਜ ਦਾ ਸਾਹਮਣਾ ਕੀਤਾ ਅਤੇ ਉਨ੍ਹਾਂ ਦਾ ਬਹੁਤ ਭਾਰੀ ਨੁਕਸਾਨ ਕੀਤਾ ਤੇ ਅਖੀਰ ਜੂਝਦੇ-ਜੂਝਦੇ 15 ਹਾੜ੍ਹ 1797 ਈਸਵੀ ਨੂੰ ਸ਼ਹੀਦ ਹੋ ਗਏ।
ਬਾਬਾ ਹਰਜੀਤ ਸਿੰਘ ਨੇ ਦੱਸਿਆ ਕਿ ਇਸ ਅਸਥਾਨ ਦੀ ਕਾਰ ਸੇਵਾ ਬਾਬਾ ਜਗਤਾਰ ਸਿੰਘ ਤਰਨਤਾਰਨ ਸਾਹਿਬ ਵਾਲਿਆਂ ਵੱਲੋਂ ਕੀਤੀ ਗਈ ਹੈ ਅਤੇ ਹੁਣ ਸੰਗਤ ਦੀ ਆਮਦ ਵੱਧਣ ਕਰ ਕੇ ਗੁਰੂ ਘਰ ਛੋਟਾ ਰਹਿ ਗਿਆ। ਇਸ ਲਈ ਨਵਾਂ ਵੱਡਾ ਗੁਰੂ ਘਰ ਦੀ ਉਸਾਰੀ ਦੇ ਲਈ ਕਾਰ ਸੇਵਾ ਚੱਲ ਰਹੀ ਹੈ।
ਉਨ੍ਹਾਂ ਦੱਸਿਆ ਕਿ ਬਾਬਾ ਜਗਤਾਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਲਈ ਗੁਰੂ ਨਾਨਕ ਦੇਵ ਜੀ ਅਕੈਡਮੀ ਬਣਾਈ ਗਈ ਹੈ, ਜਿਸ ਵਿੱਚ 2 ਹਜ਼ਾਰ ਵਿਦਿਆਰਥੀ ਸਿੱਖਿਆ ਲੈ ਰਹੇ ਹਨ ਅਤੇ ਹੁਣ ਆਉਣ ਵਾਲੇ ਸਮੇਂ ਵਿੱਚ ਇੱਕ ਨਰਸਿੰਗ ਕਾਲਜ ਖੋਲ੍ਹਿਆ ਜਾਵੇਗਾ ਤਾਂ ਜੋ ਵਿੱਦਿਆ ਦਾ ਵੱਧ ਤੋਂ ਵੱਧ ਪਸਾਰਾ ਹੋ ਸਕੇ।
ਉਨ੍ਹਾਂ ਦੱਸਿਆ ਕਿ ਸ਼ਹੀਦ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦਾ ਸਥਾਨ ਤਰਨਤਾਰਨ ਸਾਹਿਬ ਤੋਂ ਝਬਾਲ ਰੋਡ ਲਹਿੰਦੀ ਬਾਹੀ ਵਾਲੇ ਪਾਸੇ ਸਥਿਤ ਹੈ। ਉਨ੍ਹਾਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਜਦੋਂ ਵੀ ਉਹ ਇਸ ਜਰਨੈਲੀ ਸੜਕ ਉੱਪਰ ਲੰਘਣ ਤਾਂ ਖ਼ਾਲਸਾ ਰਾਜ ਕਾਇਮ ਕਰਨ ਵਾਲੇ ਸ਼ਹੀਦ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦੇ ਸ਼ਹੀਦੀ ਗੰਜ ਨੂੰ ਜ਼ਰੂਰ ਨਤਮਸਤਕ ਹੋਣ ਅਤੇ ਤਨ-ਮਨ-ਧਨ ਨਾਲ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਦੇ ਬਖਸ਼ਿਸ਼ਾਂ ਲੈਣ।