ਅੰਮ੍ਰਿਤਸਰ: ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਦੇ ਸਬੰਧੀ ਉੱਘੇ ਸਮਾਜ ਸੇਵੀ ਮਨਦੀਪ ਸਿੰਘ ਮੰਨਾ ਨਾਲ ਈਟੀਵੀ ਭਾਰਤ ਵੱਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਦੇ ਵਾਅਦੇ ਨੂੰ ਲੈਕੇ ਪੁੱਛੇ ਸਵਾਲ ਦੇ ਜਵਾਬ ਵਿੱਚ ਮਨਦੀਪ ਸਿੰਘ ਮੰਨਾ ਨੇ ਕਿਹਾ ਕਿ ਪੰਜਾਬੀ ਲੋਕ ਭਾਵੁਕ ਹਨ ਤੇ ਰਾਜਨੀਤਿਕ ਲੋਕ ਭਾਵਨਾਵਾਂ ਨਾਲ ਖਿਲਵਾੜ ਕਰਕੇ ਵੋਟਾਂ ਪੁਆ ਲੈਂਦੇ ਹਨ।
ਉਨ੍ਹਾਂ ਕਿਹਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤਾਂ ਸ਼ਰਾਬ, ਸਮੈਕ ਆਦਿ ਨਸ਼ਿਆਂ ਨਾਲ ਬਹੁਤ ਮੌਤਾਂ ਹੋਈਆਂ। ਇਨ੍ਹਾਂ ਚੀਜ਼ਾਂ ਤੋਂ ਨਿਜਾਤ ਦਿਵਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਸਹੁੰ ਖਾਧੀ ਕਿ ਮੈਂ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਵਾਂਗਾ। ਸਾਲ 2017 ਵਿੱਚ ਇਹ ਨਸ਼ੇ ਬਾਰੇ ਬਿਆਨ ਆਇਆ ਸੀ ਪਰ ਸਾਲ 2020 ਵਿੱਚ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਪੰਜਾਬ ਸੂਬਾ ਸਰਾਬ ਦੇ ਸਹਾਰੇ ਹੀ ਚੱਲਦਾ ਹੈ, ਫਿਰ ਇਹ ਪੰਜਾਬ ਨਸ਼ਾ ਮੁਕਤ ਕਿਵੇਂ ਹੋਇਆ ?
ਮੰਨਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਇਸ ਤਰ੍ਹਾਂ ਦੇ ਕਈ ਵਾਅਦੇ ਕੀਤੇ ਗਏ ਪਰ 2 ਵਾਅਦਿਆਂ ਨੇ ਪੰਜਾਬੀਆਂ ਨੂੰ ਬਹੁਤਾ ਦੁੱਖ ਦਿੱਤਾ ਇੱਕ ਨਸ਼ਿਆਂ ਤੇ ਦੂਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ।
ਨਸ਼ੇ ਨੇ ਪੰਜਾਬ ਦੀ ਜਵਾਨੀ ਖ਼ਤਮ ਕਰ ਦਿੱਤੀ ਤੇ ਬੇਅਦਬੀ ਦੇ ਮਾਮਲਿਆਂ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਇੱਕ ਮਹੀਨਾ ਪੰਜਾਬ ਵਿੱਚ ਗੁਰੂ ਦੇ ਸਰੂਪ ਚੋਰੀ ਹੋਣ ਕਰਕੇ ਸੂਬੇ ਵਿੱਚ ਤਨਾਅ ਦਾ ਮਾਹੌਲ ਬਣਿਆ ਰਿਹਾ।
ਸਮਾਜ ਸੇਵੀ ਮੰਨਾ ਨੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਸਰੂਪ ਦੀ ਬੇਅਦਬੀ ਦੇ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੋਸ਼ੀਆਂ ਨੂੰ ਫੜਿਆ ਜਾਵੇਗਾ ਪਰ ਸਾਢੇ ਤਿੰਨ ਸਾਲ ਬੀਤ ਚੁੱਕੇ ਹਨ, ਪਰ ਇੱਕ ਵੀ ਦੋਸ਼ੀ ਫੜਿਆ ਨਹੀਂ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪਤਾ ਹੈ ਕਿ ਦੋਸ਼ੀ ਕੌਣ ਹਨ ?
ਮਨਦੀਪ ਸਿੰਘ ਮੰਨਾ ਨੇ ਸਰਕਾਰ 'ਤੇ ਵਾਅਦਾ ਖ਼ਿਲਾਫ਼ੀ ਦੇ ਇਲਜ਼ਾਮ ਲਗਾਏ। ਉਨ੍ਹਾਂ ਕਿਹਾ ਕਿ ਕਿ ਸਰਕਾਰ ਵੱਲੋਂ ਨਾ ਤਾਂ ਨੌਕਰੀਆਂ ਦਿੱਤੀਆਂ ਗਈਆਂ, ਵਿਕਾਸ ਤਾਂ ਦੂਰ ਦੀ ਗੱਲ ਹੈ। ਲੋਕਾਂ ਦੀਆਂ ਕਮਜ਼ੋਰੀਆਂ ਨੂੰ ਲੀਡਰ ਬਾਖ਼ੂਬੀ ਸਮਝਦੇ ਹਨ। ਮੇਰੇ ਵਰਗੇ ਲੋਕ ਜਿੰਨੇ ਮਰਜ਼ੀ ਸਰਕਾਰ ਦੀਆਂ ਕੁਤਾਹੀਆਂ ਬਾਰੇ ਦੁਹਾਈਆਂ ਦੇਣ ਪਰ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਵਰਗੇ ਵੱਡੇ ਕੱਦ ਵਾਲੇ ਲੀਡਰਾਂ ਨੂੰ ਪਤਾ ਹੈ ਕਿ ਬੋਲਣ ਵਾਲਿਆਂ ਨੂੰ ਕਿਵੇਂ ਫੇਲ੍ਹ ਕਰਨਾ ਹੈ ਅਤੇ ਕਿਵੇਂ ਮਾਰਨਾ ਹੈ।
ਮੰਨਾ ਨੇ ਕਿਹਾ ਕਿ ਲੋਕਾਂ ਨੂੰ ਗਲੀ- ਗਲੀ ਆਵਾਜ਼ ਚੁੱਕਣੀ ਚਾਹੀਦੀ ਹੈ ਤੇ ਲੀਡਰਾਂ ਦੇ ਘਰਾਂ ਅੱਗੇ ਜਾ ਕੇ ਸਵਾਲ ਕਰਨੇ ਚਾਹੀਦੇ ਹਨ। ਉਹ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਹੈ ਕਿ ਇੱਕ ਮਹੀਨਾ ਆਪਣਾ ਕੰਮਕਾਰ ਕਰੋ ਤੇ ਮਹੀਨੇ ਵਿੱਚ ਇੱਕ ਦਿਨ ਸਮਾਜਿਕ ਅਤੇ ਆਪਣੇ ਹੱਕਾਂ ਲਈ ਲਾਮਬੰਦ ਹੋ ਕੇ ਕਿਸੇ ਇੱਕ ਦਿਨ ਲੀਡਰ ਜਾਂ ਅਫ਼ਸਰ ਦੇ ਘਰ ਸਾਹਮਣੇ ਬੈਠ ਜਾਓ ਤਾਂ ਤੁਰੰਤ ਮਸਲੇ ਹੱਲ ਹੋ ਜਾਣਗੇ।
ਉਨ੍ਹਾਂ ਕਿਹਾ ਕਿ ਲੋਕਾਂ ਨੇ ਸਾਰਾ ਕੁਝ ਇਨ੍ਹਾਂ ਲੀਡਰਾਂ 'ਤੇ ਛੱਡਿਆ ਹੋਇਆ ਹੈ, ਇਸ ਕਰਕੇ ਕੋਈ ਸੁਧਾਰ ਦੀ ਆਸ ਨਹੀਂ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਨਹੀਂ ਰੁਕੀਆਂ, ਛੋਟਾ ਕਿਸਾਨ ਭੁੱਖਾ ਮਰ ਰਿਹਾ ਹੈ ਕਰੋਨਾ ਤੋਂ ਪੈਦਾ ਹੋਈ ਸਥਿਤੀ ਕਰਕੇ ਪੰਜਾਬ ਸਰਕਾਰ ਦੇ ਉਪਰਾਲਿਆਂ ਸਬੰਧੀ ਮੰਨਾ ਨੇ ਕਿਹਾ ਕਿ ਸ਼ਨੀਵਾਰ ਅਤੇ ਐਤਵਾਰ ਲੌਕਡਾਊਨ ਲਾ ਦਿੱਤਾ ਗਿਆ ਹੈ ਤੇ ਦੂਜੇ ਦਿਨਾਂ ਵਿੱਚ ਸਾਢੇ 6 ਵਜੇ ਤੋਂ ਬਾਅਦ ਦੁਕਾਨਾਂ ਬੰਦ ਕਰਨ ਲਈ ਕਿਹਾ ਹੈ, ਉਨ੍ਹਾਂ ਕਿਹਾ ਕਿ ਕਿ ਸਾਢੇ 6 ਵਜੇ ਤੋਂ ਬਾਅਦ ਕੀ ਕਰੋਨਾ ਛੁੱਟੀ 'ਤੇ ਚਲਾ ਜਾਂਦਾ ਹੈ ?
ਮੰਨਾ ਨੇ ਕਿਹਾ ਕਿ ਸਰਕਾਰ ਨੇ ਕੋਰੋਨਾ ਦਾ ਹਊਆ ਬਣਾਇਆ ਹੋਇਆ ਹੈ, ਇਸ ਕਰਕੇ ਸਰਕਾਰ ਨੂੰ ਕੋਈ ਕੰਮ ਕਰਨਾ ਨਹੀਂ ਪੈ ਰਿਹਾ, ਨਾ ਤਾਂ ਲੋਕਾਂ ਨੂੰ ਰੁਜ਼ਗਾਰ ਦੇਣਾ ਪੈ ਰਿਹਾ, ਨਾ ਫੋਨ ਤੇ ਨਾ ਹੀ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਹੁਣ ਸਿਰਫ਼ ਸ਼ਰਾਬ ਵੇਚ ਰਹੀ ਹੈ ਤੇ ਸ਼ਰਾਬ ਨਾਲ ਲੀਡਰਾਂ ਦੀਆਂ ਲੋੜਾਂ ਪੂਰੀਆਂ ਹੋ ਰਹੀਆਂ ਹਨ ਅਤੇ ਦੂਜੇ ਲੋਕਾਂ ਦੀ ਸਰਕਾਰ ਨੂੰ ਕੋਈ ਪਰਵਾਹ ਨਹੀਂ।