ਹੁਣ ਗਿਆਨੀ ਰਘਬੀਰ ਸਿੰਘ ਹੋਣਗੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਅੰਤ੍ਰਿੰਗ ਕਮੇਟੀ ਦੀ ਅੱਜ ਹੰਗਾਮੀ ਮੀਟਿੰਗ ਹੋਈ। ਇਹ ਮੀਟਿੰਗ ਸਵੇਰੇ 11 ਵਜੇ ਸ਼ੁਰੂ ਹੋਈ। ਇਸ ਮੀਟਿੰਗ ਦੀ ਖਾਸ ਗੱਲ ਇਹ ਸੀ ਹੈ ਕਿ ਮੀਟਿੰਗ ਸ਼ੋਰਟ ਨੋਟਿਸ 'ਤੇ ਬੁਲਾਈ ਗਈ ਸੀ। ਇਸ ਮੀਟਿੰਗ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ। ਹੁਣ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੋਣਗੇ।
ਗਿਆਨੀ ਸੁਲਤਾਨ ਸਿੰਘ ਹੋਣਗੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ :ਸਿੱਖਾਂ ਦੇ ਸਿਰਮੌਰ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਹੁਣ ਗਿਆਨੀ ਰਘਬੀਰ ਸਿੰਘ ਅਕਾਲ ਤਖ਼ਤ ਦੇ ਨਵੇਂ ਜਥੇਦਾਰ ਹੋਣਗੇ। ਹੁਣ ਤੱਕ ਉਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਨ। ਹੁਣ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਜਥੇਦਾਰ ਗਿਆਨੀ ਸੁਲਤਾਨ ਸਿੰਘ ਹੋਣਗੇ। ਇਸ ਸਬੰਧੀ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਮੀਟਿੰਗ ਵਿੱਚ ਲਿਆ ਗਿਆ ਹੈ। SGPC ਨੇ ਇਸ ਸਬੰਧੀ ਪ੍ਰੈਸ ਕਾਨਫਰੰਸ ਕੀਤੀ ਹੈ।
ਪੰਥ ਵੱਲੋਂ ਸੌਂਪੀਆਂ ਸੇਵਾਵਾਂ ਨੂੰ ਤਨਦੇਹੀ ਨਾਲ ਨਿਭਾਵਾਂਗੇ : ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪੰਥ ਵੱਲੋਂ ਸੌਂਪੀਆਂ ਗਈਆਂ ਸੇਵਾਵਾਂ ਸਤਿਗੁਰੂ ਦੀ ਕਿਰਪਾ ਨਾਲ ਚੜ੍ਹਦੀਕਲਾ ਨਾਲ ਨਿਭਾਵਾਂਗੇ। ਉਨ੍ਹਾਂ ਕਿਹਾ ਕਿ ਸੇਵਾਵਾਂ ਸਾਰੀਆਂ ਹੀ ਵੱਡੀਆਂ ਹੁੰਦੀਆਂ ਹਨ, ਪਰ ਇਕ ਸ਼੍ਰੋਮਣੀ ਤਖਤ ਹੋਣ ਕਾਰਨ ਅਕਾਲ ਤਖਤ ਸਾਹਿਬ ਦੀ ਸੇਵਾ ਇਕ ਜ਼ਿੰਮੇਵਾਰੀ ਵਾਲੀ ਸੇਵਾ ਹੈ ਤੇ ਜੋ ਵਿਸ਼ਵਾਸ ਪੰਥ ਵੱਲੋਂ ਉਨ੍ਹਾਂ ਉਤੇ ਜਤਾਇਆ ਗਿਆ ਹੈ ਤੇ ਉਸ ਨੂੰ ਪੂਰਾ ਨਿਭਾਉਣ ਦਾ ਯਤਨ ਕੀਤਾ ਜਾਵੇਗਾ।
ਗਿਆਨੀ ਹਰਪ੍ਰੀਤ ਸਿੰਘ ਨੇ ਖੁੱਦ ਛੱਡਿਆ ਚਾਰਜ :ਅਕਾਲੀ ਦਲ ਪਿਛਲੇ ਕਾਫੀ ਸਮੇਂ ਤੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਨਾਰਾਜ਼ ਸੀ। ਸਭ ਤੋਂ ਵੱਧ ਨਾਰਾਜ਼ਗੀ ਉਨ੍ਹਾਂ ਦੀ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਰਾਘਵ ਚੱਢਾ ਦੀ ਮੰਗਣੀ 'ਤੇ ਜਾਣ ਨੂੰ ਲੈ ਕੇ ਸੀ। ਇਸ ਤੋਂ ਇਲਾਵਾ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੰਥ ਨੂੰ ਛੱਡ ਕੇ ਸਿਆਸੀ ਹਿੱਤਾਂ ਵੱਲ ਅਕਾਲੀ ਦਲ ਦੇ ਝੁਕਾਅ ’ਤੇ ਲਗਾਤਾਰ ਸਵਾਲ ਉਠਾਏ ਜਾ ਰਹੇ ਸਨ। ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਖੁਦ ਇਹ ਅਹੁਦਾ ਛੱਡ ਚੁੱਕੇ ਹਨ। ਇਸ ਫੈਸਲੇ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਚਾਰਜ ਛੱਡ ਦਿੱਤਾ ਹੈ।
ਦਮਦਮਾ ਸਾਹਿਬ ਦੇ ਜਥੇਦਾਰ ਹੀ ਰਹਿਣਗੇ ਗਿਆਨੀ ਹਰਪ੍ਰੀਤ ਸਿੰਘ :ਇਸ ਮੀਟਿੰਗ ਵਿੱਚ ਲਏ ਗਏ ਫੈਸਲੇ ਤੋਂ ਬਾਅਦ ਹੁਣ ਗਿਆਨੀ ਹਰਪ੍ਰੀਤ ਸਿੰਘ ਕੋਲ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵਾਧੂ ਚਾਰਜ ਨਹੀਂ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਹੁਣ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਰਹਿਣਗੇ। ਦੱਸ ਦਈਏ ਕਿ ਇਸ ਮੀਟਿੰਗ ਦੀ ਪਹਿਲਾਂ ਤੋਂ ਹੀ ਗੁਪਤ ਤਰੀਕੇ ਨਾਲ ਵਿਓਂਤਬੰਦੀ ਚੱਲ ਰਹੀ ਸੀ। ਪਿਛਲੀ ਮੀਟਿੰਗ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਮੈਦਾਨ ਵਿੱਚ ਉਤਾਰਨ ਦੀ ਗੱਲ ਫੈਲਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਸੀ।