ਪੰਜਾਬ

punjab

ETV Bharat / state

ਕੋਰੋਨਾ ਨੇ ਮਿੰਨੀ ਬੱਸ ਅਪ੍ਰੇਟਰਾਂ ਦੀ 'ਜ਼ਿੰਦਗੀ ਦਾ ਚੱਕਾ' ਕੀਤਾ ਜਾਮ, ਹਾਲ ਹੋਇਆ ਬੇਹਾਲ - ਕੋਰੋਨਾ ਮਹਾਂਮਾਰੀ

ਕੋਰੋਨਾ ਮਹਾਂਮਾਰੀ ਨੇ ਹਰ ਵਰਗ ਦੇ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਤ ਕੀਤਾ ਹੈ। ਟਰਾਂਸਪੋਰਟ ਨਾਲ ਜੁੜੇ ਮਿੰਨੀ ਬੱਸਾਂ ਵਾਲਿਆਂ ਦੀ ਜ਼ਿੰਦਗੀ ਦਾ ਪਹੀਆ ਵੀ ਲੀਹੋਂ ਲਾਹ ਕੇ ਰੱਖ ਦਿੱਤਾ ਹੈ। ਈਟੀਵੀ ਭਾਰਤ ਨੇ ਅਪ੍ਰੇਟਰਾਂ ਦੇ ਹਾਲਾਤ ਬਾਰੇ ਉਨ੍ਹਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ।

ਕੋਰੋਨਾ ਨੇ ਮਿੰਨੀ ਬੱਸ ਅਪ੍ਰੇਟਰਾਂ ਦੀ 'ਜ਼ਿੰਦਗੀ ਦਾ ਚੱਕਾ' ਕੀਤਾ ਜਾਮ
ਕੋਰੋਨਾ ਨੇ ਮਿੰਨੀ ਬੱਸ ਅਪ੍ਰੇਟਰਾਂ ਦੀ 'ਜ਼ਿੰਦਗੀ ਦਾ ਚੱਕਾ' ਕੀਤਾ ਜਾਮ

By

Published : Oct 5, 2020, 10:44 PM IST

ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਨੇ ਸਾਰੀ ਦੁਨੀਆਂ ਨੂੰ ਝੰਬ ਕੇ ਰੱਖ ਦਿੱਤਾ ਹੈ, ਇਸ ਬਿਮਾਰੀ ਦਾ ਅਸਰ ਭਾਰਤ ਦੇਸ਼ 'ਤੇ ਵੀ ਵੱਡੇ ਪੱਧਰ 'ਤੇ ਪਿਆ। 20 ਮਾਰਚ ਤੋਂ ਬਾਅਦ ਭਾਰਤ ਵਿੱਚ ਲਗਾਤਾਰ ਤਾਲਾਬੰਦੀ ਰਹੀ, ਜਿਸ ਕਾਰਨ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਤੇ ਭਾਰਤ ਦੀ ਅਰਥ ਵਿਵਸਥਾ ਹਿੱਲ ਗਈ। ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਇੱਥੇ ਵੀ ਕੋਰੋਨਾ ਮਹਾਂਮਾਰੀ ਨੇ ਹਰ ਵਰਗ ਦੇ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਤ ਕੀਤਾ ਹੈ। ਟਰਾਂਸਪੋਰਟ ਨਾਲ ਜੁੜੇ ਮਿੰਨੀ ਬੱਸਾਂ ਵਾਲਿਆਂ ਦੀ ਜ਼ਿੰਦਗੀ ਦਾ ਪਹੀਆ ਵੀ ਲੀਹੋਂ ਲਾਹ ਕੇ ਰੱਖ ਦਿੱਤਾ ਹੈ।

ਕੋਰੋਨਾ ਨੇ ਮਿੰਨੀ ਬੱਸ ਅਪ੍ਰੇਟਰਾਂ ਦੀ 'ਜ਼ਿੰਦਗੀ ਦਾ ਚੱਕਾ' ਕੀਤਾ ਜਾਮ

ਈਟੀਵੀ ਭਾਰਤ ਨੇ ਅੰਮ੍ਰਿਤਸਰ ਬੱਸ ਅੱਡੇ 'ਚੋਂ ਚੱਲਣ ਵਾਲੀਆਂ ਪ੍ਰਾਈਵੇਟ ਮਿੰਨੀ ਬੱਸਾਂ ਦੇ ਡਰਾਈਵਰਾਂ, ਕੰਡਕਟਰ, ਅਪ੍ਰੇਟਰਾਂ ਦੀ ਕੋਰੋਨਾ ਕਰਕੇ ਪ੍ਰਭਾਵਤ ਹੋਈ ਜ਼ਿੰਦਗੀ ਬਾਰੇ ਵਿਸ਼ੇਸ਼ ਰਿਪੋਰਟ ਤਿਆਰ ਕੀਤੀ। ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕੁੱਲ ਪ੍ਰਾਈਵੇਟ/ਸਰਕਾਰੀ 611 ਮਿੰਨੀ ਬੱਸਾਂ ਚੱਲਦੀਆਂ ਹਨ, ਜਿਸ ਵਿੱਚ 1500 ਤੋਂ ਵੱਧ ਮੁਲਾਜ਼ਮ ਕੰਮ ਕਰਦੇ ਹਨ। ਇਨ੍ਹਾਂ ਮੁਲਾਜ਼ਮਾਂ ਕੋਲ ਟਰਾਂਸਪੋਰਟ ਤੋਂ ਬਿਨਾਂ ਕਮਾਈ ਦਾ ਕੋਈ ਸਾਧਨ ਨਹੀਂ, ਜਿਸ ਕਾਰਨ ਕੋਰੋਨਾ ਕਾਰਨ ਤਾਲਾਬੰਦੀ ਕਰਕੇ ਪੈਦਾ ਹੋਈ ਸਥਿਤੀ ਨੇ ਡਰਾਈਵਰਾਂ, ਕੰਡਕਟਰਾਂ ਨੂੰ ਸਬਜ਼ੀ/ਫ਼ਲ ਵੇਚਣ ਅਤੇ ਦਿਹਾੜੀਆਂ ਲਾਉਣ ਲਗਾ ਦਿੱਤਾ ਹੈ।
ਮਿੰਨੀ ਬੱਸ ਆਪ੍ਰੇਟਰ ਯੂਨੀਅਨ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਬੱਬੂ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਦੇਸ਼ ਵਿੱਚ 22 ਮਾਰਚ ਤੋਂ ਹੋਈ ਤਾਲਾਬੰਦੀ ਕਾਰਨ ਸਾਰੀਆਂ ਮਿੰਨੀ ਬੱਸਾਂ ਬੰਦ ਹੋ ਗਈਆਂ ਸਨ। ਅਪ੍ਰੇਟਰਾਂ ਨੇ ਡਰਾਈਵਰਾਂ-ਕੰਡਕਟਰਾਂ ਨੂੰ ਇੱਕ-ਦੋ ਮਹੀਨੇ ਤਾਂ ਤਨਖ਼ਾਹ ਦਿੱਤੀ, ਪਰ ਜਦੋਂ ਉਨ੍ਹਾਂ ਦੇ ਖ਼ੁਦ ਦੇ ਮਾੜੇ ਹਾਲਾਤ ਹੋ ਗਏ ਤਾਂ ਤਨਖ਼ਾਹਾਂ ਨਹੀਂ ਦਿੱਤੀਆਂ ਗਈਆਂ।

ਬਲਦੇਵ ਸਿੰਘ ਦਾ ਕਹਿਣਾ ਸੀ ਕਿ ਤਾਲਾਬੰਦੀ ਮੌਕੇ ਕੰਡਕਟਰਾਂ/ ਡਰਾਈਵਰਾਂ ਨੂੰ ਸਬਜ਼ੀਆਂ/ਫ਼ਲਾਂ ਦੀਆਂ ਰੇਹੜੀਆਂ ਤੱਕ ਲਾਉਣੀਆਂ ਪਈਆਂ ਹਨ। ਮੰਦੀ ਕਰਕੇ ਅਪ੍ਰੇਟਰਾਂ ਨੂੰ ਖ਼ੁਦ ਹੱਥੀਂ ਵੀ ਕੰਮ ਕਰਨਾ ਪਿਆ ਹੈ। ਹੁਣ ਇੱਕ-ਇੱਕ ਗੱਡੀ 5-5 ਰੂਟਾਂ ਦਾ ਸਮਾਂ ਲਗਾ ਕੇ ਚਲਾ ਰਹੇ ਹਾਂ। ਕੋਰੋਨਾ ਕਾਰਨ ਜਿਥੇ ਪਹਿਲਾਂ 15-20 ਬੰਦੇ ਕੰਮ ਕਰਦੇ ਸਨ, ਉੱਥੇ ਹੁਣ 2 ਬੰਦੇ ਰਹਿ ਗਏ ਹਨ।

ਉਨ੍ਹਾਂ ਦੱਸਿਆ ਕਿ ਇਸ ਸਮੇਂ ਮਿੰਨੀ ਬੱਸਾਂ ਵਾਲਿਆਂ ਦੇ ਹਾਲਾਤ ਬਹੁਤ ਮਾੜੇ ਹਨ ਪਰੰਤੂ ਪੰਜਾਬ ਸਰਕਾਰ ਨੇ ਸਾਡੀ ਕੋਈ ਵਿੱਤੀ ਮਦਦ ਨਹੀਂ ਕੀਤੀ। ਉਧਰ, ਕੇਂਦਰ ਸਰਕਾਰ ਨੇ ਵੀ ਇਸ ਔਖੇ ਸਮੇਂ ਵਿੱਚ ਪੈਟਰੋਲ/ਡੀਜ਼ਲ ਦੀਆਂ ਕੀਮਤਾਂ ਵਧਾ ਦਿੱਤੀਆਂ ਅਤੇ ਪੰਜਾਬ ਸਰਕਾਰ ਵੀ ਟੈਕਸ ਨਹੀਂ ਘਟਾ ਕੇ ਕੋਈ ਰਾਹਤ ਨਹੀਂ ਦਿੱਤੀ ਜਾ ਰਹੀ।



ਰੋਟੀ ਦੇ ਪਏ ਲਾਲ੍ਹੇ, ਡਰਾਈਵਰ ਦਿਹਾੜੀਆਂ ਲਈ ਹੋਏ ਮਜਬੂਰ

ਗੱਲਬਾਤ ਦੌਰਾਨ ਕੰਡਕਟਰ ਹਾਕਮ ਸਿੰਘ ਨੇ ਕਿਹਾ ਕਿ ਕੋਰੋਨਾ ਕਾਰਨ ਕੰਡਕਟਰਾਂ/ਡਰਾਈਵਰਾਂ ਦੇ ਨਾਲ ਕਾਊਂਟਰ ਵਾਲਿਆਂ ਦਾ ਵੀ ਬੁਰਾ ਹਾਲ ਹੋ ਗਿਆ ਹੈ, ਜਿਨ੍ਹਾਂ ਕੋਲ ਦਵਾਈ ਲਈ ਵੀ ਪੈਸੇ ਨਹੀਂ, ਉਨ੍ਹਾਂ ਨੂੰ ਰੋਟੀ ਖਾਣ ਦੇ ਲਾਲ੍ਹੇ ਪੈ ਗਏ ਹਨ। ਡਰਾਈਵਰ ਅਮਰੀਕ ਸਿੰਘ ਦਾ ਕਹਿਣਾ ਸੀ ਕਿ ਕੋਰੋਨਾ ਕਾਰਨ ਜਦੋਂ ਕੰਮ ਬੰਦ ਹੋ ਗਿਆ ਤਾਂ ਉਸ ਨੂੰ ਟਰੱਕ 'ਤੇ ਕੰਮ ਕਰਨਾ ਪਿਆ, ਪਰੰਤੂ ਉੱਥੇ ਵੀ ਡੀਜ਼ਲ ਮਹਿੰਗਾ ਹੋਣ ਕਾਰਨ ਕੰਮ ਮੰਦਾ ਹੈ। ਹੁਣ ਉਹ ਮਜਬੂਰਨ ਦਿਹਾੜੀ ਕਰ ਰਿਹਾ ਹੈ ਤੇ 100-200 ਰੁਪਏ ਮਿਲ ਜਾਂਦੇ ਹਨ।


ਮੰਦੇ ਹਾਲਾਤ 'ਚ ਮੁਸ਼ਕਲ ਨਾਲ ਨਿਕਲ ਰਿਹੈ ਖ਼ਰਚਾ

ਅਪ੍ਰੇਟਰ ਜਸਵਿੰਦਰ ਸਿੰਘ ਦਾ ਕਹਿਣਾ ਸੀ ਕਿ ਤਾਲਾਬੰਦੀ ਕਾਰਨ ਹਾਲਾਤ ਬਹੁਤ ਮੰਦੇ ਹਨ, ਕੁਝ ਵੀ ਬੱਚਤ ਨਹੀਂ ਹੈ। ਪਹਿਲਾਂ ਜਿਥੇ ਪੰਜ ਗੱਡੀਆਂ ਚਲਦੀਆਂ ਸੀ, ਉਥੇ ਇੱਕ ਚੱਲ ਰਹੀ ਹੈ। ਉਸ ਨੇ ਕਿਹਾ ਕਿ ਹੁਣ ਡਰਾਈਵਰ ਤੇ ਕੰਡਕਟਰ ਗੱਡੀ 'ਤੇ ਖ਼ੁਦ ਕੰਮ ਕਰ ਰਹੇ ਹਨ। ਸਰਕਾਰ ਵੀ ਕੋਈ ਮਦਦ ਨਹੀਂ ਕਰ ਰਹੀ। ਉਪਰੋਂ ਪ੍ਰਸ਼ਾਸਨ ਵੀ ਪ੍ਰੇਸ਼ਾਨ ਕਰਦਾ ਹੈ।

ਮਿੰਨੀ ਬੱਸ ਦੇ ਇੱਕ ਡਰਾਈਵਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇਂ ਸਿਰਫ਼ 20 ਪ੍ਰਤੀਸ਼ਤ ਕੰਮ ਹੈ। ਡੀਜ਼ਲ ਦੇ ਭਾਅ ਅਸਮਾਨੀ ਚੜ੍ਹ ਗਏ, ਸਵਾਰੀਆਂ ਨਹੀਂ ਆ ਰਹੀਆਂ। ਜਿਸ ਕਾਰਨ ਗੱਡੀਆਂ ਦਾ ਖਰਚਾ ਵੀ ਬੜੀ ਮੁਸ਼ਕਲ ਨਾਲ ਨਿਕਲ ਰਿਹਾ ਹੈ। ਪੰਜਾਬ ਸਰਕਾਰ ਨੇ ਕੋਈ ਮਾਲੀ ਸਹਾਇਤਾ ਨਹੀਂ ਕੀਤੀ ਹੈ।


ਲਗਾਤਾਰ ਚੱਲ ਰਹੀਆਂ ਨੇ ਸਰਕਾਰੀ ਮਿੰਨੀ ਬੱਸਾਂ

ਪੰਜਾਬ ਰੋਡਵੇਜ਼ ਦੇ ਮਿੰਨੀ ਬੱਸ ਸਟੇਸ਼ਨ ਸੁਪਰਡੈਂਟ ਇਕਬਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਅੰਮ੍ਰਿਤਸਰ ਵਿੱਚ 3 ਮਿੰਨੀ ਬੱਸਾਂ ਹਨ, ਜੋ ਕੋਰੋਨਾ ਤੋਂ ਪਹਿਲਾਂ ਵੀ ਤੇ ਹੁਣ ਵੀ ਲਗਾਤਾਰ ਚੱਲ ਰਹੀਆਂ ਹਨ। ਭਾਵੇਂ ਕਿ ਸਵਾਰੀ ਅਜੇ ਘੱਟ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਤਾਲਾਬੰਦੀ ਦੌਰਾਨ ਸਾਰੇ ਮੁਲਾਜ਼ਮਾਂ ਨੂੰ ਤਨਖਾਹਾਂ ਦਿੱਤੀਆਂ ਗਈਆਂ ਹਨ।

ABOUT THE AUTHOR

...view details