ਅੰਮ੍ਰਿਤਸਰ:ਅਜਨਾਲਾ ਥਾਣੇ 'ਤੇ ਨਿਹੰਗ ਸਿੱਖਾਂ ਨੇ ਹਮਲਾ ਕਰ ਦਿੱਤਾ ਹੈ। ਜਿਸ ਵਿੱਚ ਕਈ ਪੁਲਿਸ ਮੁਲਾਜ਼ਮ ਜਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਜਿੱਥੇ ਇਹ ਝੜਪ ਹੋਈ ਇੱਥੇ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਆਗੂ ਆਪਣੀ ਗ੍ਰਿਫਤਾਰੀ ਦੇਣ ਲਈ ਆਇਆ ਸੀ, ਜਿਸ ਨਾਲ ਵੱਡਾ ਕਾਫਲਾ ਸੀ। ਅੰਮ੍ਰਿਤਪਾਲ ਨੇ ਕਿਹਾ ਕਿ ਉਨ੍ਹਾਂ ਦੇ ਸਾਥੀ ਲਵਪ੍ਰੀਤ ਤੂਫਾਨ ਸਿੰਘ 'ਤੇ ਗ੍ਰਿਫਤਾਰੀ ਅਤੇ ਜਿਹੜਾ ਤਸ਼ੱਦਦ ਕੀਤਾ ਗਿਆ ਹੈ। ਉਸ ਦੇ ਖ਼ਿਲਾਫ ਇਹ ਸਾਰਾ ਕਾਫਲਾ ਅਜਨਾਲੇ ਥਾਣੇ ਦਾ ਘੇਰਾਓ ਤੇ ਗ੍ਰਿਫਤਾਰੀਆਂ ਦੇਣ ਲਈ ਆਇਆ ਸੀ। ਇਸ ਦੌਰਾਨ ਨਿਹੰਗ ਸਿੱਖਾਂ ਨੇ ਥਾਣੇ ਅੰਦਰ ਵੜ ਕੇ ਪੁਲਿਸ 'ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਕਈ ਪੁਲਿਸ ਮੁਲਾਜ਼ਮ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਨਿਹੰਗ ਸਿੱਖਾਂ ਨੇ ਪੁਲਿਸ ਦੀਆਂ ਗੱਡੀਆਂ ਦੀ ਭੰਨਤੋੜ ਵੀ ਕੀਤੀ। ਉਨ੍ਹਾਂ ਦੇ ਹਮਲੇ ਤੋਂ ਬਾਅਦ ਦਬਾਅ ਵਿੱਚ ਆਈ ਪੰਜਾਬ ਪੁਲਿਸ ਨੇ ਮੁਲਜ਼ਮਾਂ ਨੂੰ ਰਿਹਾਅ ਕਰਨ ਦਾ ਐਲਾਨ ਕਰ ਦਿੱਤਾ।
'ਜਾਂਚ ਲਈ SIT ਹੋਵੇਗੀ ਗਠਿਤ': ਅੰਮ੍ਰਿਤਪਾਲ ਦੇ ਸਮਰਥਕਾਂ ਵੱਲੋਂ ਅਜਨਾਲਾ ਦੇ ਥਾਣੇ 'ਤੇ ਹਮਲੇ ਤੋਂ ਬਾਅਦ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਲਵਪ੍ਰੀਤ ਤੂਫਾਨ ਨੂੰ ਛੱਡਿਆ ਜਾ ਰਿਹਾ ਹੈ। ਉਸ ਦੇ ਸਮਰਥਕਾਂ ਨੇ ਉਸ ਦੀ ਬੇਗੁਨਾਹੀ ਦਾ ਭਰਪੂਰ ਸਬੂਤ ਦਿੱਤੇ ਹਨ। ਮਾਮਲੇ ਦੀ ਜਾਂਚ ਲਈ ਐਸਪੀ ਤੇਜਬੀਰ ਸਿੰਘ ਹੁੰਦਲ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਬਣਾਈ ਗਈ ਹੈ।
ਕੱਲ੍ਹ ਰਿਹਾਅ ਹੋਵੇਗਾ ਲਵਪ੍ਰੀਤ ਤੂਫਾਨ: ਅੱਜ ਹੋਈ ਹਿੰਸਕ ਝੜਪ ਤੋਂ ਬਾਅਦ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਨਾਲ ਸਮਝੌਤਾ ਹੋ ਗਿਆ ਹੈ। ਅੰਮ੍ਰਿਤਪਾਲ ਅਤੇ ਉਸ ਦੇ ਸਮਰਥਕਾਂ ਵੱਲੋਂ ਦਿੱਤੇ ਸਬੂਤਾਂ ਤੋਂ ਸਪੱਸ਼ਟ ਹੈ ਕਿ ਲਵਪ੍ਰੀਤ ਤੂਫਾਨ ਮੌਕੇ ’ਤੇ ਮੌਜੂਦ ਨਹੀਂ ਸੀ। ਜਿਸ ਦੇ ਅਮਲ ਕਰਦਿਆਂ ਉਸ ਨੂੰ ਸ਼ੁੱਕਰਵਾਰ ਨੂੰ ਅਦਾਲਤ 'ਚ ਅਰਜ਼ੀ ਦੇ ਕੇ ਰਿਹਾਅ ਕਰ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਜਦੋਂ ਤੱਕ ਪੁਲਿਸ ਲਿਖਤੀ ਬਿਆਨ ਨਹੀਂ ਦਿੰਦੀ ਉਹ ਪਿੱਛੇ ਨਹੀਂ ਹਟਣਗੇ। ਲਿਖਤੀ ਦੇਣ ਤੋਂ ਬਾਅਦ ਥਾਣਾ ਖਾਲੀ ਕਰਵਾ ਦਿੱਤਾ ਜਾਵੇਗਾ। ਪਰ ਅਜਨਾਲਾ ਵਿੱਚ ਉਹ ਕੇਸ ਰੱਦ ਹੋਣ ਤੱਕ ਡਟੇ ਰਹਿਣਗੇ।
ਅੰਮ੍ਰਿਤਪਾਲ ਸਿੰਘ ਦੇ ਕਰੀਬੀ ਲਵਪ੍ਰੀਤ ਤੂਫਾਨ ਦੀ ਗ੍ਰਿਫਤਾਰੀ ਦਾ ਵਿਰੋਧ:ਦੱਸ ਦੇਈਏ ਕਿ ਪੰਜਾਬ ਵਿੱਚ ਖਾਲਿਸਤਾਨ ਪੱਖੀ ਸੰਗਠਨ 'ਵਾਰਿਸ ਪੰਜਾਬ ਦੇ' ਦੇ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਲਵਪ੍ਰੀਤ ਤੂਫਾਨ ਦੀ ਗ੍ਰਿਫਤਾਰੀ ਦੇ ਵਿਰੋਧ ਵਿਚ ਸੜਕਾਂ 'ਤੇ ਉਤਰ ਆਏ ਹਨ। ਅੰਮ੍ਰਿਤਸਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਗੁੱਸੇ ਵਿੱਚ ਆਏ ਲੋਕਾਂ ਨੇ ਬੰਦੂਕਾਂ, ਤਲਵਾਰਾਂ ਅਤੇ ਲਾਠੀਆਂ ਨਾਲ ਥਾਣੇ ਦਾ ਘਿਰਾਓ ਕੀਤਾ ਸੀ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਬੈਰੀਕੇਡ ਲਾਏ ਤਾਂ ਉਹ ਉਸ ਨੂੰ ਤੋੜ ਕੇ ਥਾਣੇ ਅੰਦਰ ਦਾਖ਼ਲ ਹੋ ਗਏ।
ਅੰਮ੍ਰਿਤਪਾਲ ਨੇ ਆਪਣੇ ਸਮਰਥਕਾਂ ਨੂੰ ਅਜਨਾਲਾ ਪਹੁੰਚਣ ਲਈ ਕਿਹਾ ਸੀ:ਇਸੇ ਕੜੀ ਤਹਿਤ ਕੁਝ ਦਿਨ ਪਹਿਲਾਂ ਅੰਮ੍ਰਿਤਪਾਲ ਨੇ ਵੀਰਵਾਰ ਨੂੰ ਆਪਣੇ ਸਮਰਥਕਾਂ ਨੂੰ ਅਜਨਾਲਾ ਪਹੁੰਚਣ ਲਈ ਕਿਹਾ ਸੀ। ਇਸ ਤੋਂ ਬਾਅਦ ਇੱਥੇ ਭੀੜ ਇਕੱਠੀ ਹੋ ਗਈ। ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ ਪੁਲਿਸ ਵੀ ਸਤਰਕ ਹੋ ਗਈ ਅਤੇ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਅੰਮ੍ਰਿਤਪਾਲ ਦੇ ਸਮਰਥਕਾਂ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ। ਇਸ ਨਾਲ ਮਾਹੌਲ ਗਰਮ ਹੋ ਗਿਆ। ਹੰਗਾਮਾ ਹੋਣ ਦੀ ਸੂਚਨਾ ਮਿਲਦੇ ਹੀ ਅੰਮ੍ਰਿਤਪਾਲ ਵੀ ਥਾਣਾ ਅਜਨਾਲਾ ਪਹੁੰਚ ਗਿਆ ਹੈ। ਇੱਥੇ ਆ ਕੇ ਉਨ੍ਹਾਂ ਨੇ ਐਸਐਸਪੀ ਸਤਿੰਦਰ ਸਿੰਘ ਨਾਲ ਮੀਟਿੰਗ ਕੀਤੀ। ਜਿਸ ਤੋਂ ਬਾਅਦ ਪੁਲਿਸ ਨੂੰ ਤੂਫਾਨ ਸਿੰਘ ਨੂੰ ਰਿਹਾਅ ਕਰਨ ਲਈ ਇੱਕ ਘੰਟੇ ਦਾ ਸਮਾਂ ਦਿੱਤਾ ਗਿਆ ਹੈ। ਇਸ ਦੌਰਾਨ ਉਹ ਥਾਣੇ ਦੇ ਬਾਹਰ ਖੜ੍ਹਾ ਹੈ।
ਅੰਮ੍ਰਿਤਪਾਲ ਦੇ ਸਾਥੀ ਲਵਪ੍ਰੀਤ ਤੂਫਾਨ ਸਿੰਘ ਸਮੇਤ ਕੁੱਲ 30 ਲੋਕਾਂ ਖਿਲਾਫ ਮਾਮਲਾ ਦਰਜ: ਅੰਮ੍ਰਿਤਸਰ ਦੇ ਅਜਨਾਲਾ ਥਾਣੇ 'ਚ ਅੰਮ੍ਰਿਤਪਾਲ, ਉਸ ਦੇ ਸਾਥੀ ਲਵਪ੍ਰੀਤ ਤੂਫਾਨ ਸਿੰਘ ਸਮੇਤ ਕੁੱਲ 30 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਅੰਮ੍ਰਿਤਪਾਲ ਖਿਲਾਫ ਟਿੱਪਣੀ ਕਰਨ ਵਾਲੇ ਨੌਜਵਾਨ ਨੂੰ ਅਗਵਾ ਕਰਨ ਤੋਂ ਬਾਅਦ ਇਨ੍ਹਾਂ ਲੋਕਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਮਾਮਲੇ ਵਿੱਚ ਪੁਲਿਸ ਨੇ ਤੂਫਾਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਕਾਰਨ ਅੰਮ੍ਰਿਤਪਾਲ ਗੁੱਸੇ 'ਚ ਆ ਗਿਆ ਅਤੇ ਉਸ ਨੇ ਵੀਰਵਾਰ ਨੂੰ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਦੇ ਬਾਹਰ ਧਰਨਾ ਦਿੰਦੇ ਹੋਏ ਗ੍ਰਿਫਤਾਰੀ ਦਾ ਐਲਾਨ ਕਰ ਦਿੱਤਾ।
'ਅੱਗੇ ਜੋ ਹੁੰਦਾ ਹੈ ਉਸ ਲਈ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ':ਅੰਮ੍ਰਿਤਪਾਲ ਸਿੰਘ ਨੇ ਗੁੱਸੇ ਵਿੱਚ ਕਿਹਾ ਕਿ ਉਨ੍ਹਾਂ ਦੇ ਸਮਰਥਕਾਂ 'ਤੇ ਸਿਆਸੀ ਕਾਰਨਾਂ ਕਰਕੇ ਐਫਆਈਆਰ ਦਰਜ ਕੀਤੀ ਗਈ ਹੈ। ਉਸ ਨੇ ਪੁਲਿਸ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਇੱਕ ਘੰਟੇ ਵਿੱਚ ਕੇਸ ਨੂੰ ਰੱਦ ਨਹੀਂ ਕਰਦੇ ਹਨ, ਤਾਂ ਅੱਗੇ ਜੋ ਹੁੰਦਾ ਹੈ ਉਸ ਲਈ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ। ਅੰਮ੍ਰਿਤਪਾਲ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ਼ਾਂਤ ਰਹਿਣ ਲਈ ਕਿਹਾ। ਉਸ ਦਾ ਕਹਿਣਾ ਹੈ ਕਿ ਹੁਣ ਇੱਥੇ ਹੀ ਅੰਮ੍ਰਿਤ ਦਾ ਸੰਚਾਰ ਹੋਵੇਗਾ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਉਸ ਦੇ ਸਾਥੀ ਤੂਫਾਨ ਨੂੰ ਨਾਲ ਲੈ ਕੇ ਜਾਣਗੇ।
'ਮਰਨ ਲਈ ਵੀ ਹਾਂ ਤਿਆਰ':ਅੰਮ੍ਰਿਤਪਾਲ ਨੇ ਕਿਹਾ ਕਿ ਅੱਜ ਤੋਂ ਬਾਅਦ ਬਹੁਤ ਸਾਰੇ ਲੋਕ ਉਸ ਬਾਰੇ ਬੋਲਣਗੇ। ਜੋ ਕਹਿਣਗੇ ਕਿ ਪੰਜਾਬ ਦੇ ਬੱਚਿਆਂ ਨੂੰ ਮਾਰਨ ਲਈ ਆਇਆ ਹੈ। ਇਹ ਵਿਦੇਸ਼ ਭੱਜ ਜਾਵੇਗਾ। ਪਰ ਉਹ ਸਪੱਸ਼ਟ ਕਰਨਾ ਚਾਹੁੰਦਾ ਹੈ ਕਿ ਅੱਜ ਵੀ ਜਦੋਂ ਪੁਲਿਸ ਨਾਲ ਟਕਰਾਅ ਹੋਇਆ ਤਾਂ ਉਹ ਕਾਰ ਤੋਂ ਹੇਠਾਂ ਉਤਰ ਕੇ ਸਾਹਮਣੇ ਖੜ੍ਹਾ ਸੀ। ਅੰਮ੍ਰਿਤਪਾਲ ਦਾ ਕਹਿਣਾ ਹੈ ਕਿ ਜੇਕਰ ਮੇਰੇ ਮਰਨ ਦੀ ਵਾਰੀ ਆਈ ਤਾਂ ਮੈਂ ਅੱਗੇ ਆਵਾਂਗਾ। ਮੈਂ ਸਿਰ ਦੇਣ ਤੋਂ ਨਹੀਂ ਡਰਦਾ।
ਅੰਮ੍ਰਿਤਪਾਲ ਦੀ ਪੁਲਿਸ ਨੂੰ ਧਮਕੀ:ਅੰਮ੍ਰਿਤਪਾਲ ਨੇ ਆਪਣੇ ਬਿਆਨਾਂ ਵਿੱਚ ਪੁਲਿਸ ਨੂੰ ਧਮਕੀ ਦਿੰਦਿਆਂ ਕਿਹਾ ਕਿ ਇੱਕ ਵਿਅਕਤੀ ਦੇ ਬਿਆਨਾਂ ’ਤੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮੈਂ ਸਿਰਫ਼ ਇਹੀ ਕਹਾਂਗਾ ਕਿ ਮੁੱਖ ਮੰਤਰੀ ਨੇ ਮੇਰੇ 'ਤੇ ਹਮਲਾ ਕੀਤਾ ਹੈ। ਮੁੱਖ ਮੰਤਰੀ ਖਿਲਾਫ ਕੇਸ ਦਰਜ ਕਰਕੇ ਦਿਖਾਓ। ਇਸੇ ਦੌਰਾਨ ਅੰਮ੍ਰਿਤਪਾਲ ਨੇ ਪੁਲਿਸ ਨੂੰ ਧਮਕੀ ਦਿੰਦਿਆ ਕਿਹਾ ਕਿ ਅਸੀਂ ਇੱਥੇ ਇਹ ਦਿਖਾਉਣ ਲਈ ਆਏ ਹਾਂ ਕਿ ਅਸੀਂ ਕੀ ਕਰ ਸਕਦੇ ਹਾਂ।
ਅੰਮ੍ਰਿਤਸਰ ਦੇ ਅਜਨਾਲਾ ਥਾਣੇ 'ਚ ਅੰਮ੍ਰਿਤਪਾਲ, ਉਸ ਦੇ ਸਾਥੀ ਤੂਫਾਨ ਸਿੰਘ ਸਮੇਤ ਕੁੱਲ 30 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਅੰਮ੍ਰਿਤਪਾਲ ਖਿਲਾਫ ਟਿੱਪਣੀ ਕਰਨ ਵਾਲੇ ਨੌਜਵਾਨ ਨੂੰ ਅਗਵਾ ਕਰਨ ਤੋਂ ਬਾਅਦ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਤੂਫਾਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਤੋਂ ਨਾਰਾਜ਼ ਅੰਮ੍ਰਿਤਪਾਲ ਨੇ ਵੀਰਵਾਰ ਨੂੰ ਅਜਨਾਲਾ ਥਾਣੇ ਦੇ ਬਾਹਰ ਧਰਨਾ ਦਿੰਦੇ ਹੋਏ ਉਸ ਦੀ ਗ੍ਰਿਫਤਾਰੀ ਦਾ ਐਲਾਨ ਕਰ ਦਿੱਤਾ। ਅੰਮ੍ਰਿਤਪਾਲ ਨੇ ਬਹੁਤ ਹੀ ਗੁੱਸੇ ਭਰੇ ਲਹਿਜੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਖਿਲਾਫ ਵੀ ਤਿੱਖਾ ਰਵੱਈਆ ਦਿਖਾਉਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਹਾਲ ਵੀ ਇੰਦਰਾ ਗਾਂਧੀ ਵਰਗਾ ਹੋਵੇਗਾ। ਪਰ ਬੁੱਧਵਾਰ ਨੂੰ ਉਨ੍ਹਾਂ ਨੇ ਇਸ 'ਤੇ ਯੂ-ਟਰਨ ਲੈਂਦਿਆਂ ਕਿਹਾ ਕਿ ਅਮਿਤ ਸ਼ਾਹ ਉਨ੍ਹਾਂ ਨੂੰ ਮਾਰਵਾਉਣਾ ਚਾਹੁੰਦੇ ਹਨ। ਉਨ੍ਹਾਂ ਇਹ ਵੀ ਐਲਾਨ ਕੀਤਾ ਸੀ ਕਿ ਅੱਜ ਉਹ ਆਪਣੇ ਸਮਰਥਕਾਂ ਨਾਲ ਧਰਨਾ ਦੇਣ ਲਈ ਅਜਨਾਲਾ ਪਹੁੰਚੇਗਾ।
ਇਹ ਵੀ ਪੜ੍ਹੋ:Amritpal supporters clash with police: ਅੰਮ੍ਰਿਤਪਾਲ ਦੇ ਸਮਰਥਕਾਂ ਤੇ ਪੁਲਿਸ ਵਿਚਾਲੇ ਝੜਪ, ਦੇਖੋ ਦਿਲ ਦਹਿਲਾ ਦੇੇਣ ਵਾਲੀਆਂ ਤਸਵੀਰਾਂ