ਅੰਮ੍ਰਿਤਸਰ:ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਭਾਰਤ-ਪਾਕਿਸਤਾਨ ਸਰਹੱਦ 'ਤੇ ਅੰਮ੍ਰਿਤਸਰ ਦੇ ਅਧੀਨ ਆਉਂਦੇ ਅਜਨਾਲਾ 'ਚ ਪਾਕਿਸਤਾਨੀ ਡ੍ਰੋਨ ਨੂੰ ਡੇਗਣ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ, ਡੇਗਿਆ ਗਿਆ ਡ੍ਰੋਨ ਵੱਡਾ ਹੈ ਅਤੇ ਇਸ ਵਿੱਚ ਨਸ਼ੀਲੇ ਪਦਾਰਥਾਂ ਜਾਂ ਹਥਿਆਰਾਂ ਦੀ ਖੇਪ ਵੀ ਹੋ ਸਕਦੀ ਹੈ। ਡੀਆਈਜੀ ਬੀਐਸਐਫ ਪ੍ਰਭਾਕਰ ਜੋਸ਼ੀ ਮੌਕੇ ’ਤੇ ਪੁੱਜੇ ਅਤੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਅਜਨਾਲਾ 'ਚ BSF ਨੇ ਡੇਗਿਆ ਪਾਕਿਸਤਾਨੀ ਡ੍ਰੋਨ ਦੱਸ ਦੇਈਏ ਕਿ ਬੀਐਸਐਫ ਬਟਾਲੀਅਨ 73 ਦੇ ਜਵਾਨ ਅਜਨਾਲਾ ਦੇ ਪਿੰਡ ਸ਼ਾਹਪੁਰ ਦੇ ਬੀਓਪੀ 'ਤੇ ਗਸ਼ਤ 'ਤੇ ਸਨ। ਸਵੇਰੇ ਕਰੀਬ 4.30 ਵਜੇ ਉਨ੍ਹਾਂ ਨੇ ਡਰੋਨ ਦੀ ਆਵਾਜ਼ ਸੁਣੀ। ਜਵਾਨਾਂ ਨੇ 17 ਰਾਉਂਡ ਫਾਇਰ ਕੀਤੇ ਅਤੇ ਡ੍ਰੋਨ ਨੂੰ ਗੋਲੀ ਮਾਰ ਦਿੱਤੀ। ਬਰਾਮਦ ਕੀਤਾ ਗਿਆ ਡ੍ਰੋਨ ਚੀਨ ਦਾ ਬਣਿਆ ਕਵਾਡ ਹੈਲੀਕਾਪਟਰ DJI Matrice-300 ਹੈ, ਜੋ 10 ਕਿਲੋ ਤੋਂ ਵੱਧ ਦਾ ਭਾਰ ਚੁੱਕ ਕੇ ਕਈ ਕਿਲੋਮੀਟਰ ਦੂਰ ਪਹੁੰਚਾ ਸਕਦਾ ਹੈ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਡੀਆਈਜੀ ਬੀਐਸਐਫ ਪ੍ਰਭਾਕਰ ਜੋਸ਼ੀ ਖ਼ੁਦ ਸ਼ਾਹਪੁਰ ਬੀਓਪੀ ਪੁੱਜੇ। ਉਨ੍ਹਾਂ ਦੀ ਅਗਵਾਈ 'ਚ ਸ਼ਾਹਪੁਰ ਅਤੇ ਆਸਪਾਸ ਦੇ 5 ਕਿਲੋਮੀਟਰ ਦੇ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ। ਸ਼ੁਰੂਆਤੀ ਤਲਾਸ਼ੀ ਦੌਰਾਨ ਅਜੇ ਤੱਕ ਕੋਈ ਖੇਪ ਬਰਾਮਦ ਨਹੀਂ ਹੋਈ ਹੈ। ਖੋਜ ਪੂਰੀ ਹੋਣ ਤੋਂ ਬਾਅਦ ਜਲਦੀ ਹੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਅਜਨਾਲਾ 'ਚ BSF ਨੇ ਡੇਗਿਆ ਪਾਕਿਸਤਾਨੀ ਡ੍ਰੋਨ
ਅੰਕੜਿਆਂ ਅਨੁਸਾਰ 1 ਜਨਵਰੀ, 2022 ਤੋਂ 15 ਸਤੰਬਰ, 2022 ਤੱਕ ਭਾਰਤ-ਪਾਕਿਸਤਾਨ ਸਰਹੱਦ 'ਤੇ ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਅਬੋਹਰ ਸੈਕਟਰਾਂ 'ਚ 171 ਵਾਰ ਡ੍ਰੋਨ ਮੂਵਮੈਂਟ ਦੇਖੇ ਗਏ। ਇਹ ਡ੍ਰੋਨ ਮੂਵਮੈਂਟ ਪਿਛਲੇ ਇੱਕ ਮਹੀਨੇ ਵਿੱਚ ਕਰੀਬ 15 ਵਾਰ ਹੋ ਚੁੱਕੀ ਹੈ। ਇਸ ਤੋਂ ਪਹਿਲਾਂ 2022 ਵਿੱਚ ਬੀਐਸਐਫ ਦੇ ਜਵਾਨਾਂ ਵੱਲੋਂ 2 ਹੋਰ ਡ੍ਰੋਨ ਬਰਾਮਦ ਕੀਤੇ ਜਾ ਚੁੱਕੇ ਹਨ ਅਤੇ ਇਹ ਤੀਜੀ ਵਾਰ ਹੈ ਜਦੋਂ ਪਾਕਿਸਤਾਨੀ ਡ੍ਰੋਨ ਨੂੰ ਭਾਰਤੀ ਖੇਤਰ ਵਿੱਚ ਡੇਗਿਆ ਗਿਆ ਹੈ।
ਇਹ ਵੀ ਪੜ੍ਹੋ:SYL ਦੇ ਮੁੱਦੇ 'ਤੇ ਮੀਟਿੰਗ ਅੱਜ: ਦੋਵੇਂ ਸੂਬਿਆਂ ਦੇ ਮੁੱਖ ਮੰਤਰੀ ਕਰਨਗੇ ਚਰਚਾ