ਅੰਮ੍ਰਿਤਸਰ : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਵੱਲੋਂ ਸਰਕਾਰ ਖਿਲਾਫ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਇਸੇ ਕੜੀ ਤਹਿਤ ਅੰਮ੍ਰਿਤਸਰ ਦੀ ਜੇਲ੍ਹ ਵਿਚ ਬੰਦ ਬੰਦੀ ਸਿੰਘ ਨੂੰ 2 ਮਹੀਨਿਆਂ ਦੀ ਪੈਰੋਲ ਮਿਲ ਗਈ ਹੈ। ਉਕਤ ਬੰਦੀ ਸਿੰਘ ਦਾ ਨਾਂ ਗੁਰਦੀਪ ਸਿੰਘ ਖੇੜਾ ਹੈ, ਜਿਨ੍ਹਾਂ ਨੂੰ ਕਰਨਾਟਕ ਦੀ ਜੇਲ੍ਹ ਤੋਂ ਅੰਮ੍ਰਿਤਸਰ ਵਿਖੇ ਸ਼ਿਫਟ ਕੀਤਾ ਗਿਆ ਸੀ।
ਕੌਣ ਹੈ ਗੁਰਦੀਪ ਸਿੰਘ ਖੇੜਾ :ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜੱਲੂਪੁਰ ਖੇੜਾ ਦਾ ਰਹਿਣ ਵਾਲਾ ਗੁਰਦੀਪ ਸਿੰਘ ਖੇੜਾ ਆਈਪੀਸੀ ਦੀਆਂ ਧਾਰਾਵਾਂ 302, 307, 427 ਅਤੇ 120-ਬੀ ਅਤੇ ਟਾਡਾ ਐਕਟ ਤਹਿਤ ਦਰਜ ਕੇਸ ਵਿੱਚ ਪਿਛਲੇ 32 ਸਾਲਾਂ ਤੋਂ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਸਨੂੰ 1990 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਕਰਨਾਟਕ ਅਦਾਲਤ ਨੇ 1991 ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਹ 1990 ਤੋਂ ਜੂਨ 2015 ਤੱਕ ਕਰਨਾਟਕ ਦੀ ਗੁਲਬਰਗਾ ਜੇਲ੍ਹ ਵਿੱਚ ਸੀ ਅਤੇ ਫਿਰ ਉਸ ਨੂੰ ਅੰਮ੍ਰਿਤਸਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਉਸ ਨੂੰ 2016 ਤੋਂ ਪੈਰੋਲ ਦਿੱਤੀ ਗਈ ਸੀ।