ਅੰਮ੍ਰਿਤਸਰ:ਜਦੋਂ ਵੀ ਅਸੀਂ ਰੇਲਵੇ ਸਟੇਸ਼ਨ 'ਤੇ ਜਾਂਦੇ ਹਾਂ ਤਾਂ ਹਰ ਪਾਸੇ ਸਾਨੂੰ ਚਹਿਲ-ਪਹਿਲ ਦੇਖਣ ਨੂੰ ਮਿਲ ਜਾਂਦੀ ਹੈ ਪਰ ਦੇਸ਼ ਦਾ ਇੱਕ ਰੇਲਵੇ ਸਟੇਸ਼ਨ ਅਜਿਹਾ ਹੈ ਜਿੱਥੇ ਕੋਈ ਵੀ ਦੁਕਾਨ ਅਤੇ ਚਹਿਲ-ਪਹਿਲ ਤੁਹਾਨੂੰ ਨਜ਼ਰ ਨਹੀਂ ਆਵੇਗੀ। ਅਸੀਂ ਭਾਰਤ ਦੇ ਸਭ ਤੋਂ ਆਖੀਰਲੇ ਸਟੇਸ਼ਨ ਅਟਾਰੀ ਰੇਲਵੇ ਸਟੇਸ਼ਨ ਦੀ ਗੱਲ ਕਰ ਰਹੇ ਹਾਂ। ਜਿੱਥੇ ਤੁਹਾਨੂੰ ਸਨਾਟੇ ਤੋਂ ਬਿਨ੍ਹਾਂ ਕੁਝ ਵੀ ਨਜ਼ਰ ਨਹੀਂ ਆਵੇਗਾ। ਕਰੋੜਾਂ ਦੀ ਲਾਗਤ ਨਾਲ ਬਣਿਆ ਇਹ ਰੇਲਵੇ ਸਟੇਸ਼ਨ ਅੱਜ ਸੁੰਨਾ ਪਿਆ ਹੈ ਕਿਉਂਕ ਇੱਥੋਂ ਕੋਈ ਵੀ ਰੇਲ ਗੱਡੀ ਹੁਣ ਨਹੀਂ ਚੱਲਦੀ। (Attari Railway Station)
ਕਿਉਂ ਸੁੰਨਾ ਹੋਇਆ ਅਟਾਰੀ ਰੇਲਵੇ ਸਟੇਸ਼ਨ: ਖਾਲੀ ਪਏ ਇਸ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਦੇਖ ਕੇ ਤੁਹਾਡੇ ਮਨ 'ਚ ਖਿਆਲ ਜ਼ਰੂਰ ਆ ਰਿਹਾ ਹੋਵੇਗਾ ਕਿ ਆਖਿਰ ਇਸ ਰੇਲਵੇ ਸਟੇਸ਼ਨ ਦੀ ਰੌਣਕ (Attari Railway Station) ਨੂੰ ਕਿਸ ਦੀ ਨਜ਼ਰ ਲੱਗ ਗਈ। ਦੱਸ ਦੇਈਏ ਕਿ ਜਦੋਂ ਤੋਂ ਪੁਲਵਾਮਾ ਹਮਲਾ ਹੋਇਆ ਹੋਇਆ ਹੈ, ਉਸ ਸਮੇਂ ਤੋਂ ਇਸ ਰੇਲਵੇ ਸਟੇਸ਼ਨ ਦੀ ਰੌਣਕ ਗਾਇਬ ਹੋ ਗਈ ਹੈ ਕਿਉਂਕਿ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਜਾਣ ਲਈ ਇੱਕ ਸਮਝੌਤਾ ਰੇਲ ਗੱਡੀ ਵੀ ਚਲਾਈ ਗਈ ਸੀ ਤਾਂ ਜੋ ਪੰਜਾਬ ਅਤੇ ਭਾਰਤ ਦੇ ਲੋਕ ਪਾਕਿਸਤਾਨ 'ਚ ਗੁਰੂਧਾਮਾਂ ਦੇ ਦਰਸ਼ਨ ਆਰਾਮ ਨਾਲ ਕਰ ਸਕਣ ਅਤੇ ਪਾਕਿਸਤਾਨੀ ਭਾਰਤ ਆ ਕੇ ਇੱਥੋਂ ਦੇ ਗੁਰੂਧਾਮਾਂ ਦੇ ਦਰਸ਼ਨ ਕਰ ਸਕਣ ਪਰ ਭਾਰਤ ਅਤੇ ਪਾਕਿਸਤਾਨ 'ਚ ਆਈ ਦਰਾਰ ਕਾਰਨ ਇਸ ਰੇਲ ਗੱਡੀ ਨੂੰ ਬੰਦ ਕਰ ਦਿੱਤਾ ਗਿਆ। ਜਿਸ ਕਾਰਨ ਹੁਣ ਅਟਾਰੀ ਰੇਲਵੇ ਸਟੇਸ਼ਨ ਤੋਂ ਕੋਈ ਵੀ ਗੱਡੀ ਪਾਕਿਸਤਾਨ ਲਾਹੌਰ ਨਹੀਂ ਜਾਂਦੀ ਅਤੇ ਨਾ ਹੀ ਕੋਈ ਟ੍ਰੇਨ ਲਾਹੌਰ ਤੋਂ ਪੰਜਾਬ ਆਉਂਦੀ ਹੈ।