ਅੰਮ੍ਰਿਤਸਰ: ਪਿੰਡ ਡੱਲਾ ਵਿਖੇ ਗੁਰਦੁਆਰਾ ਬਾਉਲੀ ਸਾਹਿਬ (ਪਾਤਸ਼ਾਹੀ ਪੰਜਵੀਂ) ਹਰ ਸਾਲ ਅੱਸੂ ਦੀ ਮੱਸਿਆ ਨੂੰ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ। ਇਸ ਜੋੜ ਮੇਲੇ ਅਤੇ ਗੁਰਦੁਆਰਾ ਸਾਹਿਬ ਬਾਰੇ ਪ੍ਰਚਾਰਕ ਸੁਖਵਿੰਦਰ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰਦੁਆਰਾ ਬਾਉਲੀ ਸਾਹਿਬ ਪੰਜਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਇਹ ਸਥਾਨ ਉਦੋਂ ਹੋਂਦ ਵਿੱਚ ਆਇਆ, ਜਦੋਂ ਗੁਰੂ ਸਾਹਿਬ ਆਪਣੇ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਇੱਥੇ ਵਿਆਹੁਣ ਆਏ, ਇਥੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਇੱਕ ਹਫ਼ਤਾ ਸਵੇਰੇ ਤੇ ਸ਼ਾਮ ਨੂੰ ਦੀਵਾਨ ਸਜਾਇਆ ਕਰਦੇ ਸਨ। ਜਿਸ ਵਿੱਚ ਗੁਰਬਾਣੀ, ਕੀਰਤਨ ਅਤੇ ਇਤਿਹਾਸ ਸੰਗਤਾਂ ਨਾਲ ਸਾਂਝਾ ਕੀਤਾ।
ਗੁਰਦੁਆਰਾ ਬਾਉਲੀ ਸਾਹਿਬ ਡੱਲਾ ਵਿਖੇ ਮਨਾਇਆ ਗਿਆ ਸਾਲਾਨਾ ਜੋੜ ਮੇਲਾ - Annual Jodh Mela
ਅੰਮ੍ਰਿਤਸਰ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਡੱਲਾ ਵਿਖੇ ਗੁਰਦੁਆਰਾ ਬਾਉਲੀ ਸਾਹਿਬ (ਪਾਤਸ਼ਾਹੀ ਪੰਜਵੀਂ) ਹਰ ਸਾਲ ਅੱਸੂ ਦੀ ਮੱਸਿਆ ਨੂੰ ਸਾਲਾਨਾ ਜੋੜ ਮੇਲਾ ਮਨਾਇਆ ਗਿਆ। ਵੱਡੀ ਗਿਣਤੀ ਵਿੱਚ ਸੰਗਤ ਨੇ ਮੇਲੇ ਵਿੱਚ ਸ਼ਿਕਰਤ ਕੀਤੀ।
ਜਦੋਂ ਗੁਰੂ ਸਾਹਿਬ ਜੀ ਦੀ ਬਰਾਤ ਵਾਪਸ ਜਾਣ ਲੱਗੀ ਤਾਂ ਪਿੰਡ ਦੇ ਲੋਕ ਕਹਿਣ ਲੱਗੇ ਕਿ ਉਨ੍ਹਾਂ ਨੂੰ ਸੰਗਤ ਕਰਕੇ ਬੜਾ ਆਨੰਦ ਤੇ ਖ਼ੁਸ਼ੀ ਪ੍ਰਾਪਤ ਹੋਈ। ਇਸ ਕਰਕੇ ਕਿਰਪਾ ਕਰੋ ਕਿ ਇਸ ਥਾਂ ਤੀਰਥ ਬਖਸ਼ੋ ਤਾਂ ਜੋ ਸਦਾ ਆਨੰਦ ਤੇ ਖ਼ੁਸ਼ੀਆਂ ਖੇੜੇ ਪ੍ਰਾਪਤ ਹੁੰਦੇ ਰਹਿਣ ਤੇ ਗੁਰੂ ਸਾਹਿਬ ਜੀ ਨੇ ਦਿਆ ਵਿੱਚ ਆ ਕੇ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ, ਭਾਈ ਸਾਲੋ ਜੀ ਨੂੰ ਟੱਪ ਲਾਉਣ ਲਈ ਕਿਹਾ ਸੀ, ਇਹ ਟੱਪ ਗੁਰੂ ਸਾਹਿਬ ਨੇ ਆਪ ਲਵਾਇਆ। ਗੁਰੂ ਸਾਹਿਬ ਨੇ ਭਾਈ ਸਾਲੋ ਨੂੰ ਕਿਹਾ ਗਿਆ ਕਿ ਜਿੰਨ੍ਹਾਂ ਚਿਰ ਬਾਉਲੀ ਸਾਹਿਬ ਤਿਆਰ ਨਹੀਂ ਹੋ ਜਾਂਦੀ, ਉਨ੍ਹਾਂ ਚਿਰ ਤੁਸੀਂ ਅੰਮ੍ਰਿਤਸਰ ਸਾਹਿਬ ਵਿਖੇ ਨਹੀਂ ਆਉਣਾ। ਭਾਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਬਾਉਲੀ ਦੀਆਂ 72 ਪੌੜੀਆਂ ਹਨ, ਜਿੱਥੇ ਸੰਗਤਾਂ ਜਲ ਛਕ ਕੇ ਸੇਵਾ,ਸਿਮਰਨ ਕਰਦੀਆਂ ਹਨ ਤੇ ਦੀਵਾਨ ਸੱਜਦੇ ਹਨ।
ਭਾਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਥਾਨ ਉੱਪਰ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰ ਦਾਸ ਜੀ 3 ਵਾਰ ਆਏ ਤੇ ਉਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ। ਸਿੱਖੀ ਦੇ ਪਸਾਰ ਲਈ ਉਨ੍ਹਾਂ 22 ਮੰਜੀਆਂ ਦੀ ਸਥਾਪਨਾ ਕੀਤੀ ਕਿਉਂਕਿ ਉਸ ਸਮੇਂ ਅਕਬਰ ਦੇ ਰਾਜ ਵਿੱਚ ਵੀ 22 ਪਰਗਨਾ ਹੁੰਦੇ ਸਨ,ਜਿਸ ਕਰਕੇ ਗੁਰੂ ਸਾਹਿਬ ਨੇ 22 ਸ਼੍ਰੋਮਣੀ ਪ੍ਰਚਾਰਕ ਥਾਪੇ,ਉਨ੍ਹਾਂ ਵਿੱਚੋਂ 3 ਪ੍ਰਚਾਰਕ ਭਾਈ ਸਾਲੋ ਜੀ,ਭਾਈ ਪਾਰੋ ਜੀ ਤੇ ਭਾਈ ਸ਼ਾਹ ਅੱਲਾ ਯਾਰ ਇਸ ਪਿੰਡ ਦੇ ਹੋਏ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਕਿਸੇ ਨਾਲ ਜਾਤ/ਧਰਮ ਦਾ ਵਿਤਕਰਾ ਨਹੀਂ ਕੀਤਾ ਸਗੋਂ ਯੋਗ ਮਨੁੱਖਾਂ ਨੂੰ ਤਖ਼ਤਾਂ ਨਾਲ ਨਿਵਾਜਿਆ।