ਅੰਮ੍ਰਿਤਸਰ: ਪੰਜਾਬ ਵਿੱਚ ਵੱਧ ਰਹੇ ਨਸ਼ੇ ਨੂੰ ਖ਼ਤਮ ਕਰਨ ਲਈ ਲਗਾਤਾਰ ਹੀ ਪੰਜਾਬ ਪੁਲਿਸ ਨਸ਼ੇ ਦੇ ਸੌਦਾਗਰਾਂ ਉੱਪਰ ਮਾਮਲੇ ਦਰਜ ਕਰਨ 'ਚ ਲੱਗੀ ਹੋਈ ਹੈ। ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਇਸੇ ਮੁਹਿੰਮ ਜਰੀਏ ਪੰਜਾਬ ਵਿੱਚ ਨਸ਼ੀਲੀਆਂ ਗੋਲੀਆਂ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਨ ਵਿੱਚ ਕਾਮਯਾਬ ਹੋਈ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਆਈ.ਪੀ.ਐੱਸ ਜਸਕਰਨ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 23 ਦਸੰਬਰ 2022 ਨੂੰ ਥਾਣਾ ਏ ਡਵੀਜ਼ਨ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਦੀ ਤਫ਼ਤੀਸ ਦੌਰਾਨ ਹੁਣ ਤੱਕ 8 ਲੱਖ ਨਸ਼ੀਲੇ ਕੈਪਸੂਲ ਅਤੇ ਟੀਕਿਆਂ ਦੀ ਬਰਾਮਦਗੀ ਹੋ ਚੁੱਕੀ ਹੈ। ਦਿੱਲੀ ਵਿਖੇ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਬਣਾਉਣ ਵਾਲੇ ਨਿਰਮਾਤਾ ਸਣੇ ਸੱਤ ਵਿਅਕਤੀ ਗ੍ਰਿਫ਼ਤਾਰ ਵੀ ਕੀਤੇ ਜਾ ਚੁੱਕੇ ਹਨ।
ਕੀ-ਕੀ ਬਰਾਮਦ ਹੋਇਆ: ਇਸ ਮਾਮਲੇ ਵਿੱਚ ਇੱਕ ਹੋਰ ਸਫਲਤਾ ਪੁਲਿਸ ਨੂੰ ਉਦੋਂ ਮਿਲੀ ਜਦੋਂ ਦੇਹਰਾਦੂਨ ਤੋਂ ਮਨੋਜ ਕੁਮਾਰ ਸਾਹੂ ਨਾਮ ਦਾ ਵਿਅਕਤੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ। ਜਿਸ ਕੋਲੋ 46 ਹਜ਼ਾਰ ਨਸ਼ੀਲੇ ਟੀਕੇ 19 ਹਜ਼ਾਰ ਨਸ਼ੀਲੇ ਕੈਪਸੂਲ ਅਤੇ ਹਜ਼ਾਰਾਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ । ਇਸ ਤੋਂ ਇਲਾਵਾ ਅੱਗੇ ਦੀ ਕਾਰਵਾਈ ਹਾਲੇ ਵੀ ਜਾਰੀ ਹੈ।