ਅੰਮ੍ਰਿਤਸਰ: ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਥੇ ਰੋਜ਼ਾਨਾ ਹੀ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਪਹੁੰਚਦੀ ਹੈ। ਉੱਥੇ ਹੀ, ਇਸ ਮਾਰਚ ਮਹੀਨੇ ਵਿੱਚ ਕਈ ਫਿਲਮੀ ਸਿਤਾਰੇ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆ ਰਹੇ ਹਨ। ਆਪਣੀਆਂ ਫ਼ਿਲਮਾਂ ਦੀ ਕਾਮਯਾਬੀ ਦੀ ਅਰਦਾਸ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਕੇ ਕਰ ਰਹੇ ਹਨ। ਇਸ ਲੜੀ ਤਹਿਤ ਅਦਾਕਾਰ ਸੋਨੂੰ ਸੂਦ ਅਤੇ ਅਦਾਕਾਰਾ ਜੈਕਲਿਨ ਫ਼ਰਨਾਡਿਜ਼ ਨੇ ਵੀ ਅੰਮ੍ਰਿਤਸਰ ਵਿੱਚ ਹਾਜ਼ਰੀ ਲਗਵਾਈ।
ਫੈਨਸ ਦੀ ਲੱਗੀ ਭੀੜ:ਸ਼ਨੀਵਾਰ ਨੂੰ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਅਤੇ ਜੈਕਲਿਨ ਫ਼ਰਨਾਡਿਜ਼ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਪਹੁੰਚੇ। ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਜਿੱਥੇ ਉਨ੍ਹਾਂ ਪਵਿੱਤਰ ਗੁਰਬਾਣੀ ਦਾ ਕੀਰਤਨ ਵੀ ਸਰਵਨ ਕੀਤਾ, ਉੱਥੇ ਹੀ ਉਨ੍ਹਾਂ ਦੇ ਫੈਨਸ ਵੱਡੀ ਗਿਣਤੀ ਵਿੱਚ ਸੋਨੂੰ ਸੂਦ ਦੀ ਝਲਕ ਪਾਉਣ ਉੱਥੇ ਦਿਖਾਈ ਦਿੱਤੇ।
ਨਵੀਂ ਫਿਲਮ 'ਫ਼ਤਿਹ' ਲਈ ਅਰਦਾਸ:ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੋਨੂੰ ਸੂਦ ਨੇ ਕਿਹਾ ਕਿ ਉਨ੍ਹਾਂ ਦੀ ਫਿਲਮ ਆ ਰਹੀ ਹੈ ਜਿਸ ਦਾ ਨਾਮ 'ਫਤਿਹ' ਹੈ ਅਤੇ ਆਪਣੀ ਫਿਲਮ ਦੀ ਫ਼ਤਹਿਯਾਬੀ ਲਈ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚ ਹਨ। ਉਨ੍ਹਾਂ ਦੀ ਇਹ ਫਿਲਮ ਪੰਜਾਬ ਦੇ ਹਾਲਾਤਾਂ ਨੂੰ ਦਰਸਾਉਂਦੀ ਹੈ। ਇਸ ਦੇ ਨਾਲ ਹੀ, ਉਨ੍ਹਾਂ ਕਿਹਾ ਕਿ ਇਸ ਸਮੇਂ ਜੋ ਪੰਜਾਬ ਦੇ ਹਲਾਤ ਬਣੇ ਹੋਏ ਹਨ ਅਸੀਂ ਉਸ ਲਈ ਵੀ ਸ੍ਰੀ ਦਰਬਾਰ ਸਾਹਿਬ ਵਿੱਚ ਅਰਦਾਸ ਕੀਤੀ ਹੈ ਕਿ ਉਹ ਵੀ ਜਲਦ ਠੀਕ ਹੋਣ। ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਉਨ੍ਹਾਂ ਦੀ ਫ਼ਿਲਮ 'ਫਤਹਿ' ਵੀ ਉਨ੍ਹਾਂ ਦੇ ਫ਼ੈਨਸ ਨੂੰ ਪਸੰਦ ਆਵੇਗੀ। ਇਸ ਦੇ ਨਾਲ ਹੀ, ਉਨ੍ਹਾਂ ਨੇ ਕਿਹਾ ਕਿ ਸੋਨੂੰ ਸੂਦ ਹਮੇਸ਼ਾ ਜ਼ਰੂਰਤਮੰਦ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਸੀ ਅਤੇ ਰਹੇਗਾ।