ਅੰਮ੍ਰਿਤਸਰ: ਨਾਭਾ ਜੇਲ੍ਹ ਵਿੱਚ ਬੰਦ ਸਿੰਘਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਜੇਲ੍ਹ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ "ਕਿਰਤੀ ਖਾਲਸਾ ਮਿਸਲ ਸ਼ਹੀਦਾਂ ਤਰਨਾ ਦਲ" ਸ੍ਰੀ ਹਰਗੋਬਿੰਦਪੁਰ ਦੇ ਨਿਹੰਗ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲ ਪਹੁੰਚੇ। ਜਥੇ ਦੇ ਆਗੂ ਬਾਬਾ ਪ੍ਰੇਮ ਸਿੰਘ ਨੇ ਕਿਹਾ ਕਿ ਨਾਭਾ ਜੇਲ੍ਹ ਵਿੱਚ ਭਾਈ ਮਾਨ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਗੁਰਬਾਣੀ ਦੀਆਂ ਪੋਥੀਆਂ ਮੰਗਵਾਈਆਂ ਅਤੇ ਸਤਿਕਾਰ ਸਹਿਤ ਕਚਹਿਰੀ ਵਿੱਚ ਤਰੀਕ ਮੌਕੇ ਪੋਥੀਆਂ ਲੈ ਕੇ ਗਏ ਪਰ ਜੇਲ੍ਹ ਸੁਪਰਡੈਂਟ ਵੱਲੋਂ ਪੋਥੀਆਂ ਨੂੰ ਥੱਲੇ ਰੱਖ ਕੇ ਗੁਰਬਾਣੀ ਦਾ ਨਿਰਾਦਰ ਕੀਤਾ ਗਿਆ, ਜਿਸ ਦਾ ਭਾਈ ਮਾਨ ਸਿੰਘ ਤੇ ਦੂਜੇ ਸਿੰਘਾਂ ਨੇ ਵਿਰੋਧ ਕੀਤਾ ਅਤੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ।
ਜੇਲ੍ਹ ਵਿੱਚ ਸਿੰਘਾਂ ਦੀ ਭੁੱਖ ਹੜਤਾਲ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਮੌਕੇ 'ਤੇ ਗਏ ਸਨ, ਜਿਸ ਕਾਰਨ ਜੇਲ੍ਹ ਵਾਲਿਆਂ ਨੇ ਗ਼ਲਤੀ ਲਈ ਮੁਆਫ਼ੀ ਮੰਗੀ ਅਤੇ ਅਰਦਾਸ ਕੀਤੀ ਗਈ। ਇਸ ਗੱਲ ਦਾ ਜੇਲ੍ਹ ਅਧਿਕਾਰੀਆਂ ਨੇ ਆਪਣੇ ਅੰਦਰ ਵਿਰੋਧ ਰੱਖਿਆ ਕਿ ਉਨ੍ਹਾਂ ਤੋਂ ਮੁਆਫ਼ੀ ਮੰਗਵਾਈ ਗਈ ਹੈ, ਜਿਸ ਕਾਰਨ ਬਿਨ੍ਹਾਂ ਕਿਸੇ ਕਾਰਨ ਸਿੰਘਾਂ ਨੂੰ ਵੱਖ-ਵੱਖ ਜੇਲ੍ਹਾਂ ਵਿੱਚ ਭੇਜ ਦਿੱਤਾ, ਜੋ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ। ਬਾਬਾ ਪ੍ਰੇਮ ਸਿੰਘ ਨੇ ਕਿਹਾ ਕਿ ਹੁਣ ਸਿੰਘਾਂ ਵੱਲੋਂ ਜੇਲ੍ਹ ਅਧਿਕਾਰੀਆਂ ਦੀਆਂ ਅਜਿਹੀਆਂ ਬੇਹੁਦਾ ਕਾਰਵਾਈਆਂ ਕਰਕੇ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ।