ਅੰਮ੍ਰਿਤਸਰ : ਬਾਬਾ ਬਕਾਲਾ ਸਾਹਿਬ ਵਿਖੇ ਚੱਲ ਰਹੇ ਰੱਖੜ ਪੁੰਨਿਆ ਦੇ ਮੇਲੇ 'ਚ ਗਏ ਨੌਜਵਾਨ ਦਾ ਅਣਪਛਾਤਿਆਂ ਵੱਲੋਂ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। 33 ਸਾਲ ਦਾ ਮ੍ਰਿਤਕ ਨੌਜਵਾਨ ਕਮਲਜੋਤ ਸਿੰਘ ਗੁਰਦਾਸਪੁਰ ਦੇ ਘੁਮਾਣ ਦਾ ਰਹਿਣ ਵਾਲਾ ਸੀ ਜਿਸ ਨੂੰ ਕੁਝ ਵਿਅਕਤੀਆਂ ਨੇ ਤਹਿਸੀਲ ਕੰਪਲੈਕਸ ਬਾਬਾ ਬਕਾਲਾ ਸਾਹਿਬ ਸਾਹਮਣੇ ਰਾਤ ਨੂੰ 11.30 ਵਜੇ ਦੇ ਕਰੀਬ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ।
ਮੇਲਾ ਵੇਖਣ ਗਏ ਨੂੰ ਗੋਲੀਆਂ ਨਾਲ ਭੁੰਨਿਆ :ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਅਕਾਲੀ ਆਗੂ ਜਥੇਦਾਰ ਕੁਲਵੰਤ ਸਿੰਘ ਚੀਮਾਂ ਨੇ ਦੱਸਿਆ ਕਿ ਕਮਲਜੋਤ ਸਿੰਘ ਬੀਤੀ ਰਾਤ ਕਸਬਾ ਘੁਮਾਣ ਤੋਂ ਆਪਣੇ ਦੋਸਤਾਂ ਨਾਲ ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ਦਾ ਮੇਲਾ ਵੇਖਣ ਗਿਆ ਸੀ। ਜਿੱਥੇ ਰਾਤ ਨੂੰ ਕਿਸੇ ਹੋਟਲ ਵਿਚ ਖਾਣਾ ਖਾ ਰਿਹਾ ਸੀ ਕਿ ਅਚਾਨਕ ਹੀ ਕੁਝ ਅਣਪਛਾਤੇ ਵਿਅਕਤੀ ਆਏ ਅਤੇ ਉਨ੍ਹਾਂ ਨਾਲ ਕਿਸੇ ਗੱਲ ਨੂੰ ਲੈਕੇ ਬਹਿਸ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਪਿਸਟਲ ਕੱਢੀ ਅਤੇ ਨਾਲ ਹੀ ਗੋਲੀਆਂ ਚਲਾ ਦਿੱਤੀਆਂ। ਮੌਕੇ 'ਤੇ ਮੌਜੂਦ ਕਮਲ ਦੇ ਦੋਸਤਾਂ ਨੇ ਉਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਵੱਲੋਂ ਕਮਲਜੀਤ ਸਿੰਘ ਨੂੰ ਮ੍ਰਿਤ ਐਲਾਨ ਦਿੱਤਾ। ਇਸ ਘਟਨਾ ਦਾ ਪਤਾ ਲੱਗਦੇ ਹੀ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਬਜ਼ੁਰਗ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ।