ਨਵੀਂ ਦਿੱਲੀ: ਭਾਰਤ ਦੀ ਰਾਸ਼ਟਰੀ ਰਿਕਾਰਡ ਧਾਰਕ ਦੁਤੀ ਚੰਦ ਨੇ ਇਟਲੀ ਦੇ ਨਪੋਲੀ 'ਚ ਚੱਲ ਰਹੀ ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ ਇਤਿਹਾਸ ਸਿਰਜਿਆ ਹੈ। ਦੁਤੀ ਚੰਦ ਨੇ ਇੱਕ ਵਾਰ ਫਿਰ ਤੋਂ 100 ਮੀਟਰ 'ਚ ਸੋਨ ਤਮਗਾ ਜਿੱਤ ਕੇ ਭਾਰਤ ਦਾ ਨਾਂਅ ਰੋਸ਼ਨ ਕੀਤਾ ਹੈ। ਦੁਤੀ ਮਹਿਲਾਵਾਂ ਦੇ ਟਰੈਕ ਐਂਡ ਫੀਲਡ ਈਵੈਂਟਸ ਵਿੱਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਦੁਤੀ ਨੇ 100 ਮੀਟਰ ਦੀ ਰੇਸ ਨੂੰ ਸਿਰਫ਼ 11.32 ਸੈਕੰਡ 'ਚ ਪੂਰਾ ਕਰ ਜਿੱਤ ਹਾਸਲ ਕੀਤੀ। ਹਿਮਾ ਦਾਸ ਤੋਂ ਬਾਅਦ ਦੁਤੀ ਦੂਜੀ ਅਜੀਹੀ ਦੌੜਾਕ ਹੈ ਜਿਸ ਨੇ ਵਿਸ਼ਵ ਪੱਧਰ 'ਤੇ ਸੋਨੇ ਦਾ ਤਮਗਾ ਜਿੱਤਿਆ ਹੈ।
ਦੁਤੀ ਚੰਦ ਨੇ ਜਿੱਤਿਆ ਇੱਕ ਹੋਰ ਸੋਨ ਤਮਗਾ, ਮੋਦੀ ਨੇ ਟਵੀਟ ਕਰ ਦਿੱਤੀ ਵਧਾਈ
ਦੁਤੀ ਚੰਦ ਨੇ ਇੱਕ ਵਾਰ ਫਿਰ ਤੋਂ 100 ਮੀਟਰ ਦੌੜ 'ਚ ਸੋਨ ਤਮਗਾ ਜਿੱਤ ਭਾਰਤ ਦਾ ਨਾਂਅ ਰੋਸ਼ਨ ਕੀਤਾ ਹੈ। ਦੁਤੀ ਦੀ ਇਸ ਉਪਲੱਬਧੀ 'ਤੇ ਪੀਐਮ ਮੋਦੀ ਸਮੇਤ ਕੈਪਟਨ ਅਮਰਿੰਦਰ ਸਿੰਘ ਨੇ ਵਧਾਈ ਦਿੱਤੀ ਹੈ।
ਦੁਤੀ ਚੰਦ ਦੀ ਇਸ ਵੱਡੀ ਉਪਲੱਬਧੀ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਅਥਲੀਟ ਦੀ ਬੇਮਿਸਾਲ ਪ੍ਰਾਪਤੀ ਹੈ। ਦੁਤੀ ਚੰਦ ਨੇ ਸਖ਼ਤ ਮਿਹਨਤ ਸਦਕਾ 100 ਮੀਟਰ ਰੇਸ 'ਚ ਸੋਨ ਤਮਗਾ ਜਿੱਤਿਆ ਹੈ। ਮੋਦੀ ਨੇ ਟਵੀਟ 'ਚ ਲਿਖਿਆ, 'ਤੁਸੀਂ ਭਾਰਤ ਨੂੰ ਮਾਣ ਮਹਿਸੂਸ ਕਰਵਾਇਆ ਹੈ।'
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਦੁਤੀ ਚੰਦ ਦੀ ਜਿੱਤ 'ਤੇ ਟਵੀਟ ਕਰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ, "ਨਪੋਲੀ 'ਚ ਚੱਲ ਰਹੀ ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ 100 ਮੀਟਰ ਦੌੜ 'ਚ ਸੋਨ ਤਮਗਾ ਜਿੱਤਣ ਲਈ ਵਧਾਈ। ਇਸੇ ਤਰ੍ਹਾਂ ਆਪਣੇ ਸੁਪਨਿਆਂ ਦਾ ਪਿੱਛਾ ਕਰਦੇ ਹੋਇਆ ਸਾਨੂੰ ਸਾਰਿਆਂ ਨੂੰ ਮਾਣ ਮਹਸੂਸ ਕਰਵਾਉਂਦੇ ਰਹੋ।"