ਬਰਮਿੰਘਮ: ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਪੂਲ ਬੀ ਦੇ ਆਪਣੇ ਫਾਈਨਲ ਮੈਚ ਵਿੱਚ ਵੇਲਜ਼ ਹਾਕੀ ਟੀਮ ਖ਼ਿਲਾਫ਼ 4-1 ਦੀ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਨਾਲ ਭਾਰਤੀ ਹਾਕੀ ਟੀਮ ਨੇ ਪੂਲ-ਬੀ 'ਚ ਤੀਜੀ ਜਿੱਤ ਦਰਜ ਕੀਤੀ, ਜਦਕਿ ਉਸ ਨੇ ਇੰਗਲੈਂਡ ਖਿਲਾਫ ਡਰਾਅ ਖੇਡਿਆ। ਇਸ ਨਾਲ ਭਾਰਤ ਪੂਲ-ਬੀ 'ਚ ਚੋਟੀ 'ਤੇ ਰਹਿ ਗਿਆ ਹੈ, ਉਸ ਨੇ ਸੈਮੀਫਾਈਨਲ 'ਚ ਆਪਣੀ ਜਗ੍ਹਾ ਪਹਿਲਾਂ ਹੀ ਪੱਕੀ ਕਰ ਲਈ ਹੈ।
ਤੁਹਾਨੂੰ ਦੱਸ ਦੇਈਏ ਕਿ ਮੈਚ ਦੇ ਪਹਿਲੇ ਕੁਆਰਟਰ 'ਚ ਦੋਵੇਂ ਟੀਮਾਂ ਨੇ ਕਾਫੀ ਜ਼ੋਰ ਲਗਾਇਆ ਪਰ ਕਿਸੇ ਵੀ ਟੀਮ ਨੂੰ ਗੋਲ ਕਰਨ 'ਚ ਸਫਲਤਾ ਨਹੀਂ ਮਿਲੀ। ਇਸ ਤੋਂ ਬਾਅਦ ਦੂਜੇ ਕੁਆਰਟਰ 'ਚ ਟੀਮ ਇੰਡੀਆ ਦੇ ਫਾਰਵਰਡ ਲਾਈਨ ਨੇ ਤੇਜ਼ੀ ਫੜੀ ਅਤੇ 18ਵੇਂ ਮਿੰਟ 'ਚ ਭਾਰਤ ਦੇ ਪੈਨਲਟੀ ਕਾਰਨਰ 'ਤੇ ਹਰਮਨਪ੍ਰੀਤ ਸਿੰਘ ਨੇ ਸ਼ਾਨਦਾਰ ਗੋਲ ਕਰਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਗੋਲ ਤੋਂ ਠੀਕ ਬਾਅਦ ਅਗਲੇ ਹੀ ਮਿੰਟ (19ਵੇਂ) ਵਿੱਚ ਭਾਰਤ ਨੂੰ ਇੱਕ ਵਾਰ ਫਿਰ ਪੈਨਲਟੀ ਕਾਰਨਰ ਦਾ ਸ਼ਾਟ ਮਿਲਿਆ, ਜਿਸ ਉੱਤੇ ਇੱਕ ਵਾਰ ਫਿਰ ਹਰਮਨਪ੍ਰੀਤ ਸਿੰਘ ਨੇ ਧਮਾਕੇਦਾਰ ਅੰਦਾਜ਼ ਵਿੱਚ ਗੋਲ ਕਰਕੇ ਭਾਰਤੀ ਟੀਮ ਨੂੰ ਵੇਲਜ਼ ਖ਼ਿਲਾਫ਼ 2-0 ਨਾਲ ਅੱਗੇ ਕਰ ਦਿੱਤਾ।
ਤੀਜੇ ਕੁਆਰਟਰ 'ਚ ਸ਼ੁਰੂਆਤੀ ਸੰਘਰਸ਼ ਤੋਂ ਬਾਅਦ ਭਾਰਤ ਨੂੰ 41ਵੇਂ ਮਿੰਟ 'ਚ ਪੈਨਲਟੀ ਸਟ੍ਰੋਕ ਮਿਲਿਆ, ਜਿਸ 'ਤੇ ਹਰਮਨਪ੍ਰੀਤ ਸਿੰਘ ਨੇ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲ ਕਰਕੇ ਭਾਰਤ ਨੂੰ 3-0 ਦੀ ਬੜ੍ਹਤ ਦਿਵਾਈ। ਇਸ ਨਾਲ ਹਰਮਨਪ੍ਰੀਤ ਸਿੰਘ ਨੌਂ ਗੋਲ ਕਰਕੇ ਗੋਲ ਕਰਨ ਵਾਲਿਆਂ ਦੀ ਸੂਚੀ ਵਿੱਚ ਸਿਖਰ ’ਤੇ ਆ ਗਿਆ ਹੈ।