ਮੁੱਖ ਮੰਤਰੀ ਨੇ ਕੀਤੀ ਬਲਬੀਰ ਸਿੰਘ ਸੀਨੀਅਰ ਦੀ ਮਦਦ, ਪਰਿਵਾਰ ਨੂੰ ਸੌਂਪਿਆ 5 ਲੱਖ ਦਾ ਚੈੱਕ - hockey legend
ਮਹਾਨ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੀ ਪੰਜਾਬ ਸਰਕਾਰ ਨੇ ਮਦਦ ਕੀਤੀ ਹੈ। 94 ਸਾਲਾ ਬਲਬੀਰ ਸਿੰਘ ਸੀਨੀਅਰ ਚੰਡੀਗੜ੍ਹ ਦੇ ਪੀ.ਜੀ.ਆਈ. ਵਿੱਚ ਆਪਣਾ ਇਲਾਜ ਕਰਵਾ ਰਹੇ ਹਨ। ਉਨ੍ਹਾਂ ਦੇ ਇਲਾਜ਼ ਲਈ ਪੰਜਾਬ ਸਰਕਾਰ ਨੇ ਪਰਿਵਾਰ ਨੂੰ 5 ਲੱਖ ਦਾ ਚੈੱਕ ਦਿੱਤਾ ਹੈ।
ਚੰਡੀਗੜ: ਪੀ.ਜੀ.ਆਈ. 'ਚ ਆਪਣਾ ਇਲਾਜ ਕਰਵਾ ਰਹੇ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਜਾਰੀ ਕੀਤੀ ਗਈ ਹੈ। ਖੇਡ ਵਿਭਾਗ ਦੀ ਡਾਇਰੈਕਟਰ ਅਤੇ ਮੁੱਖ ਮੰਤਰੀ ਦੀ ਵਧੀਕ ਪ੍ਰਮੁੱਖ ਸਕੱਤਰ ਸ੍ਰੀਮਤੀ ਅੰਮ੍ਰਿਤ ਗਿੱਲ ਨੇ ਪੀ.ਜੀ.ਆਈ. ਵਿਖੇ ਬਲਬੀਰ ਸਿੰਘ ਸੀਨੀਅਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਬਲਬੀਰ ਸਿੰਘ ਸੀਨੀਅਰ ਦੇ ਦੋਹਤੇ ਕਬੀਰ ਸਿੰਘ ਨੂੰ ਪੰਜ ਲੱਖ ਰੁਪਏ ਦਾ ਚੈੱਕ ਸੌਂਪਿਆ।
ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਆਦੇਸਾਂ ਉੱਤੇ ਉਹ ਬਲਬੀਰ ਸਿੰਘ ਸੀਨੀਅਰ ਦਾ ਪਤਾ ਲੈਣ ਲਈ ਪੀ.ਜੀ.ਆਈ. ਵਿਖੇ ਗਏ ਸਨ ਜਿੱਥੇ ਉਨ੍ਹਾਂ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਪਰਿਵਾਰ ਨੂੰ ਸੌਂਪ ਦਿੱਤਾ ਹੈ। ਉੱਥੇ ਮੁੱਖ ਮੰਤਰੀ ਵੱਲੋਂ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
ਉਨਾਂ ਕਿਹਾ ਕਿ ਮੁੱਖ ਮੰਤਰੀ ਨੇ ਹਾਕੀ ਦੇ ਇਸ ਮਹਾਨ ਖਿਡਾਰੀ ਦੀ ਸਿਹਤਮੰਦੀ ਦੇ ਲਈ ਦੁਆਵਾਂ ਮੰਗੀਆਂ ਹਨ ਅਤੇ ਖੇਡ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਬਲਬੀਰ ਸਿੰਘ ਸੀਨੀਅਰ ਦੇ ਇਲਾਜ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ।
ਬਲਬੀਰ ਸਿੰਘ ਸੀਨੀਅਰ ਜਿਨ੍ਹਾਂ ਦੀ ਉਮਰ 94 ਸਾਲ ਹੈ, ਉਨ੍ਹਾਂ ਨੇ ਭਾਰਤ ਲਈ ਖੇਡਦਿਆਂ ਹਾਕੀ ਖੇਡ ਵਿੱਚ ਤਿੰਨ ਓਲੰਪਿਕ ਸੋਨ ਤਮਗ਼ੇ ਜਿੱਤੇ ਹਨ। ਇਹ ਸੋਨ ਤਮਗ਼ੇ 1948 ਦੀਆਂ ਲੰਡਨ ਓਲੰਪਿਕਸ, 1952 ਦੀਆਂ ਹੈਲਸਿੰਕੀ ਓਲੰਪਿਕਸ ਤੇ 1956 ਦੀਆਂ ਮੈਲਬਰਨ ਓਲੰਪਿਕਸ ਵਿੱਚ ਉਨ੍ਹਾਂ ਜਿੱਤੇ ਹਨ। 1956 ਦੀਆਂ ਓਲੰਪਿਕ ਖੇਡਾਂ ਵਿੱਚ ਉਹ ਭਾਰਤੀ ਹਾਕੀ ਟੀਮ ਦੇ ਕਪਤਾਨ ਸਨ ਅਤੇ ਭਾਰਤੀ ਖੇਡ ਦਲ ਦੇ ਝੰਡਾਬਰਦਾਰ ਵੀ ਸਨ। 1975 ਵਿੱਚ ਇਕਲੌਤਾ ਹਾਕੀ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਉਹ ਮੈਨੇਜਰ ਵੀ ਰਹਿ ਚੁੱਕੇ ਹਨ।