ਮੁੰਬਈ— ਮੁੰਬਈ ਕ੍ਰਿਕਟ ਸੰਘ (ਐੱਮ.ਸੀ.ਏ.) 1 ਨਵੰਬਰ ਨੂੰ ਆਪਣੇ ਘਰੇਲੂ ਮੈਦਾਨ ਵਾਨਖੇੜੇ ਸਟੇਡੀਅਮ 'ਚ ਕ੍ਰਿਕੇਟ ਆਈਕਨ ਸਚਿਨ ਤੇਂਦੁਲਕਰ ਦੀ ਲਾਈਫ ਸਾਈਜ਼ ਮੂਰਤੀ ਦਾ ਉਦਘਾਟਨ ਕਰੇਗਾ। ਕਈ ਰਿਕਾਰਡ ਆਪਣੇ ਨਾਂ ਕਰਨ ਵਾਲੇ ਸਚਿਨ ਤੇਂਦੁਲਕਰ ਲਈ ਵਾਨਖੇੜੇ ਸਟੇਡੀਅਮ ਹਮੇਸ਼ਾ ਹੀ ਖਾਸ ਰਿਹਾ ਹੈ।
ਭਾਰਤ-ਸ਼੍ਰੀਲੰਕਾ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 ਮੈਚ ਦੀ ਪੂਰਵ ਸੰਧਿਆ 'ਤੇ 200 ਟੈਸਟ ਮੈਚਾਂ ਦੇ ਅਨੁਭਵੀ 50 ਸਾਲਾ ਤੇਂਦੁਲਕਰ ਦੇ ਜੀਵਨ-ਆਕਾਰ ਦੇ ਬੁੱਤ ਦਾ ਉਦਘਾਟਨ ਕੀਤਾ ਜਾਵੇਗਾ। 'ਭਾਰਤ ਰਤਨ' ਸਚਿਨ ਤੇਂਦੁਲਕਰ, ਜਿਨ੍ਹਾਂ ਨੇ 15,821 ਟੈਸਟ ਦੌੜਾਂ ਅਤੇ 18,426 ਵਨਡੇ ਦੌੜਾਂ ਬਣਾਈਆਂ ਹਨ, ਇਸ ਉਦਘਾਟਨ ਸਮਾਰੋਹ 'ਚ ਖੁਦ ਮੌਜੂਦ ਰਹਿਣਗੇ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਮੁੱਖ ਮਹਿਮਾਨ ਹੋਣਗੇਜਦਕਿ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਇਸ ਸ਼ਾਨਦਾਰ ਸਮਾਰੋਹ ਦੇ ਮਹਿਮਾਨ ਹੋਣਗੇ। ਇਸ ਮੌਕੇ 'ਤੇ ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਅਤੇ ਬੀਸੀਸੀਆਈ ਦੇ ਖਜ਼ਾਨਚੀ ਅਸ਼ੀਸ਼ ਸ਼ੈਲਾਰ ਮੌਜੂਦ ਰਹਿਣਗੇ। ਐਮਸੀਏ ਦੇ ਪ੍ਰਧਾਨ ਅਮੋਲ ਕਾਲੇ ਨੇ ਇਸ ਵਿਚਾਰ ਦੀ ਸ਼ੁਰੂਆਤ ਕੀਤੀ ਅਤੇ ਖੇਡ ਦੇ ਸਭ ਤੋਂ ਮਹਾਨ ਕ੍ਰਿਕਟਰਾਂ ਵਿੱਚੋਂ ਇੱਕ ਨੂੰ ਢੁਕਵਾ ਸਨਮਾਨ ਦੇਣ ਦਾ ਫੈਸਲਾ ਕੀਤਾ।
ਇਸ ਸਮਾਰੋਹ 'ਚ ਕਈ ਸਾਬਕਾ ਕ੍ਰਿਕਟਰਾਂ ਦੇ ਆਉਣ ਦੀ ਉਮੀਦ ਹੈ। ਆਸਟਰੇਲੀਅਨ ਦਿੱਗਜ ਮਰਹੂਮ ਸ਼ੇਨ ਵਾਰਨ 'ਤੇ ਸਿੱਧਾ ਛੱਕਾ ਮਾਰਨ ਵਾਲੇ ਸਚਿਨ ਤੇਂਦੁਲਕਰ ਦਾ 22 ਫੁੱਟ ਦਾ ਬੁੱਤ ਮਸ਼ਹੂਰ ਚਿੱਤਰਕਾਰ-ਮੂਰਤੀਕਾਰ ਪ੍ਰਮੋਦ ਕਾਲੇ ਦੁਆਰਾ ਬਣਾਇਆ ਗਿਆ ਹੈ ਅਤੇ ਬੁੱਧਵਾਰ ਨੂੰ ਲੋਕਾਂ ਦੇ ਦੇਖਣ ਲਈ ਖੋਲ੍ਹਿਆ ਜਾਵੇਗਾ।