ਨਵੀਂ ਦਿੱਲੀ: ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2021 ਸੀਜ਼ਨ ਤੋਂ ਬਾਅਦ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦੀ ਕਪਤਾਨੀ ਛੱਡ ਦਿੱਤੀ ਹੈ। ਹੁਣ ਲਗਭਗ ਦੋ ਸਾਲ ਬਾਅਦ ਵਿਰਾਟ ਕੋਹਲੀ ਨੇ ਕਪਤਾਨੀ ਛੱਡਣ ਦੇ ਕਾਰਨਾਂ ਦਾ ਖੁਲਾਸਾ ਕੀਤਾ ਹੈ। ਉਸ ਨੇ ਕਿਹਾ ਕਿ ਉਸ ਦਾ ਆਪਣੇ ਆਪ 'ਚੋਂ 'ਭਰੋਸਾ' ਖਤਮ ਹੋ ਗਿਆ ਹੈ ਅਤੇ ਇਸ ਕੰਮ ਲਈ ਉਸ ਦਾ 'ਜਨੂੰਨ' ਵੀ ਘਟ ਗਿਆ ਹੈ। ਕੋਹਲੀ ਦੀ ਕਪਤਾਨੀ ਵਿੱਚ, ਆਰਸੀਬੀ ਟੀਮ 2017 ਵਿੱਚ ਅਤੇ ਫਿਰ 2019 ਵਿੱਚ ਆਈਪੀਐਲ ਟੇਬਲ ਵਿੱਚ ਸਭ ਤੋਂ ਹੇਠਾਂ ਸੀ।
ਭਾਰਤੀ ਟੀ-20 ਟੀਮ ਦੀ ਕਮਾਨ ਛੱਡਣ ਤੋਂ ਬਾਅਦ ਕੋਹਲੀ ਨੇ 2021 ਸੀਜ਼ਨ ਵਿੱਚ ਆਰਸੀਬੀ ਦੀ ਕਪਤਾਨੀ ਵੀ ਛੱਡ ਦਿੱਤੀ ਸੀ। ਉਨ੍ਹਾਂ ਦੀ ਜਗ੍ਹਾ ਦੱਖਣੀ ਅਫਰੀਕਾ ਦੇ ਫਾਫ ਡੂ ਪਲੇਸਿਸ ਟੀਮ ਦੇ ਕਪਤਾਨ ਬਣੇ। ਕੋਹਲੀ ਨੇ ਮਹਿਲਾ ਪ੍ਰੀਮੀਅਰ ਲੀਗ (ਡਬਲਯੂ.ਪੀ.ਐੱਲ.) 'ਚ ਯੂਪੀ ਵਾਰੀਅਰਸ ਦੇ ਖਿਲਾਫ ਆਰਸੀਬੀ ਦੇ ਮੈਚ ਤੋਂ ਪਹਿਲਾਂ ਮਹਿਲਾ ਟੀਮ ਦੀਆਂ ਖਿਡਾਰਨਾਂ ਨੂੰ ਕਿਹਾ ਕਿ ਜਿਸ ਸਮੇਂ ਮੇਰੀ ਕਪਤਾਨੀ ਦਾ ਕਾਰਜਕਾਲ ਖਤਮ ਹੋ ਰਿਹਾ ਸੀ, ਸੱਚ ਕਹਾਂ ਤਾਂ ਮੈਨੂੰ ਖੁਦ 'ਤੇ ਜ਼ਿਆਦਾ ਭਰੋਸਾ ਨਹੀਂ ਸੀ ਅਤੇ ਮੇਰੇ ਅੰਦਰ ਕੋਈ ਜਜ਼ਬਾ ਨਹੀਂ ਬਚਿਆ ਸੀ।
ਵਿਰਾਟ ਨੇ ਅੱਗੇ ਕਿਹਾ ਕਿ ਹਾਲਾਂਕਿ ਇਹ ਮੇਰਾ ਆਪਣਾ ਨਜ਼ਰੀਆ ਸੀ, ਪਰ ਇੱਕ ਵਿਅਕਤੀ ਦੇ ਤੌਰ 'ਤੇ ਮੈਂ ਆਪਣੇ ਆਪ ਨੂੰ ਕਹਿ ਰਿਹਾ ਸੀ ਕਿ ਮੈਂ ਕਾਫੀ ਉਤਰਾਅ-ਚੜ੍ਹਾਅ ਦੇਖੇ ਹਨ ਅਤੇ ਮੈਂ ਇਸ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦਾ। ਆਰਸੀਬੀ ਦੀ ਟੀਮ 2016 ਤੋਂ ਬਾਅਦ ਪਹਿਲੀ ਵਾਰ 2020 ਵਿੱਚ ਪਲੇਆਫ ਵਿੱਚ ਪਹੁੰਚੀ ਹੈ। ਟੀਮ ਅਗਲੇ ਦੋ ਸੈਸ਼ਨਾਂ 'ਚ ਵੀ ਇਸ ਨੂੰ ਦੁਹਰਾਉਣ 'ਚ ਸਫਲ ਰਹੀ ਪਰ ਖਿਤਾਬ ਨਹੀਂ ਜਿੱਤ ਸਕੀ। ਉਸ ਨੇ ਕਿਹਾ ਕਿ ਅਗਲੇ ਸੀਜ਼ਨ (2020) ਵਿੱਚ ਨਵੇਂ ਖਿਡਾਰੀ ਟੀਮ ਵਿਚ ਸ਼ਾਮਲ ਹੋਏ, ਉਨ੍ਹਾਂ ਕੋਲ ਨਵੇਂ ਵਿਚਾਰ ਸਨ ਅਤੇ ਇਹ ਇਕ ਹੋਰ ਮੌਕਾ ਸੀ। ਉਹ ਬਹੁਤ ਉਤਸ਼ਾਹਿਤ ਸੀ, ਨਿੱਜੀ ਤੌਰ 'ਤੇ ਮੈਂ ਸ਼ਾਇਦ ਇੰਨਾ ਉਤਸ਼ਾਹਿਤ ਨਹੀਂ ਸੀ ਪਰ ਉਸ ਦੀ ਸਕਾਰਾਤਮਕ ਊਰਜਾ ਨਾਲ ਅਸੀਂ ਲਗਾਤਾਰ ਤਿੰਨ ਸਾਲ ਪਲੇਆਫ 'ਚ ਪਹੁੰਚੇ।