ਇਸਲਾਮਾਬਾਦ— ਤੇਜ਼ ਗੇਂਦਬਾਜ਼ ਮੁਹੰਮਦ ਹਸਨੈਨ (mohammad hasnain) ਨੂੰ ਜ਼ਖਮੀ ਸ਼ਾਹੀਨ ਸ਼ਾਹ ਅਫਰੀਦੀ (Shaheen Shah Afridi) ਦੀ ਜਗ੍ਹਾ ਸੰਯੁਕਤ ਅਰਬ ਅਮੀਰਾਤ 'ਚ ਹੋਣ ਵਾਲੇ ਏਸ਼ੀਆ ਕੱਪ 2022 (Asia Cup 2022) ਲਈ ਪਾਕਿਸਤਾਨ ਦੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। 22 ਸਾਲਾ ਹਸਨੈਨ ਨੇ ਆਪਣੀ ਗੇਂਦਬਾਜ਼ੀ ਐਕਸ਼ਨ ਨੂੰ ਬਦਲਦੇ ਹੋਏ ਜੂਨ ਵਿੱਚ ਕ੍ਰਿਕਟ ਵਿੱਚ ਵਾਪਸੀ ਕੀਤੀ। ਬਿਗ ਬੈਸ਼ ਲੀਗ ਦੌਰਾਨ ਅੰਪਾਇਰਾਂ ਨੇ ਉਸ ਦੇ ਗੇਂਦਬਾਜ਼ੀ ਐਕਸ਼ਨ ਬਾਰੇ ਸ਼ਿਕਾਇਤ ਕਰਨ ਤੋਂ ਬਾਅਦ ਫਰਵਰੀ ਵਿੱਚ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਹੁਣ ਤੱਕ 18 ਟੀ-20 ਮੈਚਾਂ ਵਿੱਚ 17 ਵਿਕਟਾਂ ਲਈਆਂ ਹਨ ਅਤੇ ਦਸੰਬਰ 2021 ਵਿੱਚ ਕਰਾਚੀ ਵਿੱਚ ਵੈਸਟਇੰਡੀਜ਼ ਵਿਰੁੱਧ ਆਪਣਾ ਆਖਰੀ ਟੀ-20 ਅੰਤਰਰਾਸ਼ਟਰੀ ਖੇਡਿਆ ਸੀ। ਹਸਨੈਨ ਇੰਗਲੈਂਡ ਵਿੱਚ ਦ ਹੰਡਰਡ ਮੁਕਾਬਲੇ ਵਿੱਚ ਓਵਲ ਇਨਵੀਨਸੀਬਲਜ਼ ਦੀ ਨੁਮਾਇੰਦਗੀ ਕਰ ਰਿਹਾ ਹੈ ਅਤੇ ਸੰਯੁਕਤ ਅਰਬ ਅਮੀਰਾਤ ਵਿੱਚ ਪਾਕਿਸਤਾਨੀ ਟੀਮ ਵਿੱਚ ਸ਼ਾਮਲ ਹੋਵੇਗਾ। ਅਫਰੀਦੀ ਨੂੰ ਏਸ਼ੀਆ ਕੱਪ ਅਤੇ ਅਗਲੇ ਮਹੀਨੇ ਇੰਗਲੈਂਡ ਖਿਲਾਫ ਹੋਣ ਵਾਲੀ ਸੱਤ ਮੈਚਾਂ ਦੀ ਟੀ-20 ਸੀਰੀਜ਼ ਤੋਂ ਬਾਹਰ ਕਰ ਦਿੱਤਾ ਗਿਆ ਹੈ ਕਿਉਂਕਿ ਡਾਕਟਰਾਂ ਨੇ ਉਸ ਨੂੰ ਗੋਡੇ ਦੀ ਸੱਟ ਤੋਂ ਪੂਰੀ ਤਰ੍ਹਾਂ ਉਭਰਨ ਲਈ ਘੱਟੋ-ਘੱਟ ਚਾਰ ਤੋਂ ਛੇ ਹਫ਼ਤਿਆਂ ਦਾ ਆਰਾਮ ਕਰਨ ਦੀ ਸਲਾਹ ਦਿੱਤੀ ਹੈ।